- Updated: June 29, 2022 12:23 AM
ਸ਼੍ਰੀਨਗਰ : ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਪੀ.ਕੇ. ਪੋਲ ਨੇ ਮੰਗਲਵਾਰ ਨੂੰ ਕਿਹਾ ਕਿ ਅਮਰਨਾਥ ਯਾਤਰਾ ਜੰਮੂ ਕਸ਼ਮੀਰ ਦੀ ਅਰਥਵਿਵਸਥਾ ਨੂੰ ਉਤਸ਼ਾਹ ਦੇਵੇਗੀ, ਕਿਉਂਕਿ ਇਸ ਸਾਲ 6 ਤੋਂ 8 ਲੱਖ ਸ਼ਰਧਾਲੂਆਂ ਦੇ ਤੀਰਥ ਯਾਤਰਾ ਕਰਨ ਦੀ ਉਮੀਦ ਹੈ। ਪੋਲ ਨੇ ਕਿਹਾ ਕਿ ਯਾਤਰਾ ਸਿਰਫ਼ ਇਕ ਤੀਰਥ ਯਾਤਰਾ ਨਹੀਂ ਹੈ ਸਗੋਂ ਰਾਜ ਦੀ ਅਰਥਵਿਵਸਥਾ ਲਈ ਇਕ ਵੱਡਾ ਆਰਥਿਕ ਸਰੋਤ ਹੈ, ਕਿਉਂਕਿ ਸਰਕਾਰ ਨੂੰ ਤੀਰਥਯਾਤਰੀਆਂ ਤੋਂ 2,000-3,000 ਕਰੋੜ ਰੁਪਏ ਆਮਦਨ ਹੋਣ ਦੀ ਉਮੀਦ ਹੈ, ਜੋ ਸੈਰ-ਸਪਾਟਾ ਸਥਾਨਾਂ 'ਤੇ ਵੀ ਜਾਂਦੇ ਹਨ।
ਉਨ੍ਹਾਂ ਕਿਹਾ,''ਹਰੇਕ ਤੀਰਥ ਯਾਤਰੀ ਇਕ ਹਫ਼ਤੇ ਲਈ ਕਸ਼ਮੀਰ 'ਚ ਰਹਿੰਦਾ ਹੈ ਅਤੇ ਘੱਟੋ-ਘੱਟ 35000 ਰੁਪਏ ਖਰਚ ਕਰਦਾ ਹੈ ਅਤੇ ਹੋਰ ਸੈਰ-ਸਪਾਟਾ ਸਥਾਨਾਂ ਦਾ ਵੀ ਦੌਰਾ ਕਰਦਾ ਹੈ।'' 43 ਦਿਨਾਂ ਤੀਰਥ ਯਾਤਰਾ 30 ਜੂਨ ਤੋਂ ਸ਼ੁਰੂ ਹੋ ਕੇ 11 ਅਗਸਤ ਨੂੰ ਖ਼ਤਮ ਹੋਵੇਗੀ। ਘਾਟੀ 'ਚ ਅਗਸਤ 2019 'ਚ ਧਾਰਾ 370 ਹਟਣ ਅਤੇ 2020-21 'ਚ ਕੋਰੋਨਾ ਮਹਾਮਾਰੀ ਕਾਰਨ ਯਾਤਰਾ 2 ਸਾਲਾਂ ਲਈ ਮੁਲਤਵੀ ਕਰ ਦਿੱਤੀ ਗਈ ਸੀ।