- Updated: August 17, 2022 05:32 PM
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਬੀਤੇ ਦਿਨ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬ ਪੁਲਸ ਦੇ ਅਧਿਕਾਰੀ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਹੇਠਾਂ ਬੰਬ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ। ਗੱਡੀ ਹੇਠਾਂ ਬੰਬ ਰੱਖਣ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਿਭਾਗ ਨੂੰ ਭਾਜੜਾਂ ਪੈ ਗਈਆਂ ਸਨ। ਬੰਬ ਦਾ ਪਤਾ ਲੱਗਣ ’ਤੇ ਪੁਲਸ ਅਧਿਕਾਰੀ ਅਤੇ ਬੰਬ ਨਿਰੋਧਕ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਬੰਬ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਇਸ ਮਾਮਲੇ ’ਚ ਹੁਣ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਗੱਡੀ ਥੱਲੇ ਰੱਖਿਆ ਬੰਬ ਬਲਾਸਟ ਕਿਉਂ ਨਹੀਂ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਕਰਦੇ ਸਮੇਂ ਇਕ ਸੀ.ਸੀ.ਟੀ.ਵੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਬੰਬ ਇਕ ਆਵਾਰਾ ਕੁੱਤੇ ਕਰਕੇ ਬਲਾਸਟ ਨਹੀਂ ਹੋਇਆ। ਇਸ ਕੁੱਤੇ ਨੂੰ ਸਬ ਇੰਸਪੈਕਟਰ ਵਲੋਂ ਰੋਟੀ ਵਗੈਰਾ ਪਾਈ ਜਾਂਦੀ ਸੀ। ਵੀਡੀਓ ’ਚ ਵਿਖਾਈ ਦੇ ਰਿਹਾ ਹੈ ਕਿ ਆਵਾਰਾ ਕੁੱਤਾ ਰੋਟੀ ਦੀ ਭਾਲ ’ਚ ਇੱਧਰ-ਉਧਰ ਘੁੰਮ ਰਿਹਾ ਸੀ।
ਵੀਡੀਓ ’ਚ ਵਿਖਾਈ ਦੇ ਰਿਹਾ ਹੈ ਕਿ ਜਦੋਂ ਗੱਡੀ ਦੇ ਹੇਠਾਂ ਅਣਪਛਾਤੇ ਵਿਅਕਤੀ ਇਕ ਲੋਹੇ ਦਾ ਬਕਸਾ ਰੱਖਕੇ ਜਾਂਦੇ ਹਨ ਤਾਂ ਉਥੇ ਇਕ ਆਵਾਰਾ ਕੁੱਤਾ ਆਉਂਦਾ ਹੈ। ਬਕਸੇ ਨੂੰ ਵੇਖ ਕੇ ਕੁੱਤੇ ਨੂੰ ਲੱਗਾ ਕਿ ਉਸ ਦੇ ਅੰਦਰ ਕੁਝ ਖਾਣ ਵਾਲਾ ਸਮਾਨ ਹੈ ਤਾਂ ਉਸਨੇ ਉਸ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੰਬ ਦੀਆਂ ਤਾਰਾਂ ਟੁੱਟ ਗਈਆਂ ਅਤੇ ਇਸ ਨਾਲ ਇਕ ਵੱਡਾ ਹਾਦਸਾ ਹੋਣੋ ਟਲ ਗਿਆ।