- Updated: July 07, 2022 09:38 PM
ਬੁੱਧਵਾਰ ਨੂੰ ਪੀਐਮ ਮੋਦੀ ਨੇ 87 ਸਾਲ ਦੇ ਹੋਣ 'ਤੇ ਦਲਾਈਲਾਮਾ ਨੂੰ ਫ਼ੋਨ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਟਵੀਟ ਕੀਤਾ, ''ਦਲਾਈ ਲਾਮਾ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ 87ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਅਸੀਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਦਲਾਈ ਲਾਮਾ ਦੇ ਪੈਰੋਕਾਰਾਂ ਨੇ ਧਰਮਸ਼ਾਲਾ ਵਿੱਚ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਿੱਥੇ ਦਲਾਈ ਲਾਮਾ ਜਲਾਵਤਨੀ ਵਿੱਚ ਰਹਿੰਦੇ ਹਨ।
ਪੀਐਮ ਮੋਦੀ ਦੀਆਂ ਸ਼ੁੱਭ ਇੱਛਾਵਾਂ ਨਾਲ ਜੁੜੇ ਸਵਾਲ ਦੇ ਜਵਾਬ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਭਾਰਤੀ ਪੱਖ ਨੂੰ 14ਵੇਂ ਦਲਾਈ ਲਾਮਾ ਦੇ ਚੀਨ ਵਿਰੋਧੀ ਵੱਖਵਾਦੀ ਸੁਭਾਅ ਨੂੰ ਪੂਰੀ ਤਰ੍ਹਾਂ ਪਛਾਣਨਾ ਚਾਹੀਦਾ ਹੈ।"ਝਾਓ ਨੇ ਕਿਹਾ, "ਸਾਨੂੰ ਚੀਨ ਪ੍ਰਤੀ ਆਪਣੀ ਵਚਨਬੱਧਤਾ ਦੀ ਪਾਲਣਾ ਕਰਨੀ ਚਾਹੀਦੀ ਹੈ, ਸਮਝਦਾਰੀ ਨਾਲ ਬੋਲਣਾ ਅਤੇ ਕੰਮ ਕਰਨਾ ਚਾਹੀਦਾ ਹੈ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਲਈ ਤਿੱਬਤ ਨਾਲ ਸਬੰਧਤ ਮੁੱਦਿਆਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ।"
ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਚੀਨ ਦੀ ਪ੍ਰਤੀਕਿਰਿਆ ਉਤੇ ਜਵਾਬ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਹਮੇਸ਼ਾ ਹੀ ਦਲਾਈ ਲਾਮਾ ਨੂੰ ਭਾਰਤ ਦੇ ਮਹਿਮਾਨ ਵਜੋਂ ਪੇਸ਼ ਕਰਨ ਦੀ ਰਹੀ ਹੈ। ਦਲਾਈ ਲਾਮਾ ਦਾ ਜਨਮ ਦਿਨ ਭਾਰਤ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਲਾਈ ਲਾਮਾ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਨੂੰ ਇੱਕ ਸੰਪੂਰਨ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।