ਜਲਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਦਾ ਖੁੱਲਾ ਉਪਰਲਾ ਹਿੱਸਾ ਹੋਵੇਗਾ ਬੰਦ, ਪੈਸੇ ਪਾਉਣ ਤੇ ਲੱਗੀ ਪਾਬੰਦੀ 

ਜਲਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਦਾ ਖੁੱਲਾ ਉਪਰਲਾ ਹਿੱਸਾ ਹੋਵੇਗਾ ਬੰਦ, ਪੈਸੇ ਪਾਉਣ ਤੇ ਲੱਗੀ ਪਾਬੰਦੀ 

ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿੱਚ ਪੈਸੇ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਦੇ ਚਲਦਿਆਂ ਖੂਹ ਦੇ ਖੁੱਲ੍ਹੇ ਹੋਏ ਉਪਰਲੇ ਹਿੱਸੇ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸ਼ਹੀਦਾਂ ਦੇ ਸਨਮਾਨ ਵਿੱਚ ਲੋਕ ਇੱਥੇ ਪੈਸੇ ਪਾਉਂਦੇ ਸਨ ਪਰ ਹੁਣ ਇਸ ਨੂੰ ਬੰਦ ਕਰਨ ਦੇ ਆਦੇਸ਼ ਆ ਚੁੱਕੇ ਹਨ । ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮੇਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਅਕਸਰ ਖੂਹ ਵਿੱਚ ਪੈਸੇ ਪਾਉਂਦੇ ਸਨ। ਤੁਹਾਨੂੰ ਦੱਸ ਦੇਈਏ ਕਿ 2019 ਵਿੱਚ ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਦੇ ਸੰਦਰਭ ਵਿੱਚ ਕੇਂਦਰ ਸਰਕਾਰ ਵਲੋਂ ਇਸ ਨੂੰ ਨਵਾਂ ਰੂਪ ਦਿੱਤਾ ਗਿਆ।

                                                                       Image

ਇਸ ਦੇ ਨਾਲ ਹੀ ਖੂਹ ਦੀ ਲੁੱਕ ਵੀ ਬਦਲ ਦਿੱਤੀ ਗਈ ਅਤੇ ਇਸ ਦੀਆਂ ਕੰਧਾਂ ਨੂੰ ਵੀ ਪਹਿਲਾਂ ਨਾਲੋਂ ਉੱਚਾ ਕੀਤਾ ਗਿਆ ਹੈ ਅਤੇ ਖੁੱਲ੍ਹੀਆਂ ਖਿੜਕੀਆਂ ਨੂੰ ਵੀ ਸ਼ੀਸ਼ੇ ਲਗਾ ਦਿੱਤੇ ਗਏ ਹਨ। ਪਰ ਉਪਰਲੇ ਹਿੱਸੇ 'ਤੇ ਕਰੀਬ 2 ਫੁੱਟ ਜਗ੍ਹਾ ਖੁੱਲ੍ਹੀ ਰਹਿ ਗਈ ਸੀ ਜਿਸ ਵਿਚੋਂ ਲੋਕ ਖੂਹ ਵਿਚ ਪੈਸੇ ਪਾਉਂਦੇ ਸਨ। ਨਵੀਨੀਕਰਨ ਤੋਂ ਬਾਅਦ ਬਾਗ 28 ਅਗਸਤ 2021 ਨੂੰ ਖੋਲ੍ਹਿਆ ਗਿਆ। ਉਦੋਂ ਤੋਂ ਬਾਗ ਵਿੱਚੋਂ 8 ਲੱਖ ਰੁਪਏ ਕਢਵਾ ਕੇ ਜਲ੍ਹਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਜਾ ਚੁੱਕੇ ਹਨ।

ਮੁਰੰਮਤ ਤੋਂ ਪਹਿਲਾਂ ਵੀ ਲੋਕ ਸ਼ਹੀਦੀ ਖੂਹ ਵਿੱਚ ਪੈਸੇ ਪਾਉਂਦੇ ਰਹੇ। ਪੈਸਾ ਕਿੱਥੇ ਜਾਂਦਾ ਹੈ, ਇਸ ਨੂੰ ਲੈ ਕੇ ਕਈ ਵਿਵਾਦ ਹੋ ਚੁੱਕੇ ਹਨ। ਲੋਕ ਪੈਸੇ ਪਾਉਣ ਲਈ ਜਾਲ ਤੱਕ ਤੋੜ ਦਿੰਦੇ ਸਨ। ਇਸ ਨੂੰ ਰੋਕਣ ਦੇ ਚਲਦਿਆਂ ਇੱਥੇ ਦਾਨ ਪੇਟੀ ਲਗਾਉਣ ਦੀ ਗੱਲ ਚੱਲੀ ਸੀ ਪਰ ਲੋਕਾਂ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਦਿਆਂ ਵਿਰੋਧ ਕੀਤਾ।ਇਸ ਤੋਂ ਬਾਅਦ ਮੁਰੰਮਤ ਤੋਂ ਬਾਅਦ ਖੂਹ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ, ਫਿਰ ਵੀ ਲੋਕਾਂ ਨੇ ਉਪਰਲੇ ਖੁੱਲ੍ਹੇ ਹਿੱਸੇ ਤੋਂ ਪੈਸੇ ਪਾਉਂਦੇ ਹਨ। ਇੱਥੇ ਲੋਕ ਪੈਸੇ ਚੜ੍ਹਾਉਣ ਨੂੰ ਸ਼ਹੀਦਾਂ ਦਾ ਅਪਮਾਨ ਕਹਿੰਦੇ ਹਨ, ਜਦਕਿ ਦੂਜੇ ਪਾਸੇ ਇਸ ਨੂੰ ਇਕੱਠਾ ਕਰਨ, ਖਾਤੇ ਰੱਖਣ ਅਤੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਵੱਖਰੇ ਸਟਾਫ ਦੀ ਲੋੜ ਹੁੰਦੀ ਹੈ, ਜੋ ਕਿ ਇੱਥੇ ਮੌਜੂਦ ਨਹੀਂ ਹੈ।

                                                                              Image

ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਖੂਹ ਵਿੱਚ ਪੈਸੇ ਪਾਉਂਦੇ ਸਨ। ਜਿਸ ਦੇ ਕਰ ਕੇ ਇੱਥੇ ਲੱਖਾਂ ਰੁਪਏ ਨਾਲ ਸਾਲਾਨਾ ਵਾਧਾ ਹੁੰਦਾ ਸੀ।ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੂੰ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਏ.ਐਸ.ਆਈ ਨੇ ਨਿਗਰਾਨ ਕੰਪਨੀ ਨੂੰ ਇਸ ਨੂੰ ਬੰਦ ਕਰਨ ਲਈ ਕਿਹਾ ਹੈ।