ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਪੁਲਿਸ ਅੱਗੇ ਕੀਤਾ ਆਤਮਸਮਰਪਣ

ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਪੁਲਿਸ ਅੱਗੇ ਕੀਤਾ ਆਤਮਸਮਰਪਣ

'ਵਾਰਿਸ ਪੰਜਾਬ ਦੇ' ਪ੍ਰਮੁੱਖ ਅੰਮ੍ਰਿਤਪਾਲ ਸਿੰਘ ਖ਼ਿਲਾਫ ਚੱਲ ਰਹੀ ਕਾਰਵਾਈ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਸ ਦੇ ਚਾਚਾ ਅਤੇ ਇੱਕ ਨੇਤਾ ਦੇ ਡਰਾਈਵਰ ਨੇ ਐਤਵਾਰ ਰਾਤ ਪੰਜਾਬ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਅਜਨਾਲਾ ਕਾਂਡ ਦੇ ਸਿਲਸਿਲੇ ਵਿੱਚ 'ਵਾਰਿਸ ਪੰਜਾਬ ਦੇ' ਮੁਖੀ ਨੂੰ ਫੜਨ ਲਈ ਯਤਨ ਚੱਲ ਰਹੇ ਹਨ।

ਐਸਐਸਪੀ ਜਲੰਧਰ ਸਵਰਨਦੀਪ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿ, ''ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਤੇ ਡਰਾਈਵਰ ਨੇ ਕੱਲ੍ਹ ਰਾਤ ਪੰਜਾਬ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ।'' ਅਜਨਾਲਾ ਝੜਪ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ।ਸੂਤਰਾਂ ਮੁਤਾਬਕਾ ਦੋਵਾਂ ਨੇ ਮੇਹਤਾਪੁਰ ਵਿੱਚ ਆਤਮਸਮਰਪਣ ਕੀਤਾ ਸੀ। ਉਹ ਦੇਰ ਰਾਤ ਚੋਰੀ-ਛੁਪੇ ਥਾਣੇ ਪੁੱਜੇ ਤੇ ਦੋਵੇਂ ਮਰਸਡੀਜ਼ ਕਾਰ ਵਿੱਚ ਆਏ ਸਨ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ।  ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਰਾਤ 2 ਵਜੇ ਜਲੰਧਰ ਪੁਲਿਸ ਸਾਹਮਣੇ ਸਰੰਡਰ ਕੀਤਾ ਸੀ।ਇਹ ਉਹੀ ਵਿਅਕਤੀ ਹੈ ਜੋ ਹਰ ਸਮੇਂ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਹੈ ਤੇ ਉਸ ਦੀ ਗੱਡੀ ਵੀ ਹਰ ਸਮੇਂ ਡਰਾਈਵ ਕਰਦਾ ਸੀ।

ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਨੇ ਸ਼ਨਿੱਚਰਵਾਰ ਨੂੰ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁਲ 112 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਜੇ ਵੀ ਫ਼ਰਾਰ ਹੈ ਤੇ ਉਸ ਨੂੰ ਫੜਨ ਲਈ ਵੱਡੇ ਪੈਮਾਨੇ ਉਤੇ ਮੁਹਿੰਮ ਚਲਾਈ ਜਾ ਰਹੀ ਹੈ। ਬੀਤੇ ਦਿਨ, ਐਤਵਾਰ ਨੂੰ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਉੱਤੇ ਪਾਬੰਦੀ ਨੂੰ ਹੋਰ ਵਧਾ ਦਿੱਤਾ ਗਿਆ ਸੀ। ਸੋਮਵਾਰ ਨੂੰ ਮੁੜ ਮੋਬਾਈਲ ਇੰਟਰਨੈਟ ਸੇਵਾਵਾਂ ਅਗਲੇ 24 ਘੰਟੇ ਲਈ ਠੱਪ ਕਰ ਦਿੱਤੀਆਂ ਗਈਆਂ ਹਨ।