ਵੱਡੀ ਖ਼ਬਰ: ਪੰਜਾਬ ਦੇ ਇਸ ਇਲਾਕੇ ’ਚ ਬੰਬ ਬਲਾਸਟ, ਪੁਲਸ ਨੂੰ ਮਿਲੇ 10 ਹੋਰ ਦੇਸੀ ਬੰਬ

ਵੱਡੀ ਖ਼ਬਰ: ਪੰਜਾਬ ਦੇ ਇਸ ਇਲਾਕੇ ’ਚ ਬੰਬ ਬਲਾਸਟ, ਪੁਲਸ ਨੂੰ ਮਿਲੇ 10 ਹੋਰ ਦੇਸੀ ਬੰਬ

ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਗਲੀ ਵਿਚ ਕੂੜਾ ਚੁੱਕਣ ਵਾਲੇ ਵਿਅਕਤੀ ਨੂੰ 10 ਦੇਸੀ ਬੰਬ ਬਰਾਮਦ ਹੋਏ। ਜਿਨ੍ਹਾਂ ਵਿਚੋਂ ਇਕ ਫਟ ਵੀ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਪਿੰਡ ਦੀ ਰੂੜੀ ਤੋਂ ਕੂੜਾ ਚੁੱਕਦੇ ਸਮੇਂ ਹੱਥ ਵਿਚ ਫੜਿਆ ਡੰਡਾ ਜਦੋਂ ਇਕ ਆਟੇ ਵਾਲੀ ਥੈਲੀ ਨੂੰ ਲੱਗਿਆ ਤਾਂ ਉੱਥੇ ਅਚਾਨਕ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੂੜਾ ਚੁੱਕਣ ਵਾਲਾ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ। 

ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਲਵੀਰ ਸਿੰਘ ਨਾਮ ਦਾ ਇਕ ਸ਼ਖਸ ਹੈ ਜੋ ਮਿਸਤਰੀ ਦਾ ਕੰਮ ਕਰਦਾ ਅਤੇ ਸ਼ਰਾਬ ਪੀਣ ਦਾ ਆਦੀ ਹੈ, ਉਸ ਵੱਲੋਂ ਦੇਸੀ ਬੰਬ ਤਿਆਰ ਕੀਤੇ ਗਏ ਸਨ ਜਿਨ੍ਹਾਂ ਦੀ ਗਿਣਤੀ 10 ਸੀ ਅਤੇ ਕੂੜਾ ਚੁੱਕਣ ਵਾਲਾ ਵਿਅਕਤੀ ਜਦੋਂ ਬਲਵੀਰ ਸਿੰਘ ਦੇ ਘਰ ਦੇ ਬਾਹਰ ਪਹੁੰਚਦਾ ਹੈ ਤਾਂ ਕੂੜੇ ਵਿਚ ਅਚਾਨਕ ਧਮਾਕਾ ਹੋ ਜਾਂਦਾ ਹੈ, ਜਿਸ ਨਾਲ ਉਹ ਜ਼ਖਮੀ ਹੋ ਗਿਆ।

ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਆਟੇ ਦਾ ਭਰਿਆ ਗੱਟਾ ਬਰਾਮਦ ਕਰ ਲਿਆ ਗਿਆ ਜਿਸ ਵਿਚੋਂ 9 ਦੇ ਕਰੀਬ ਦੇਸੀ ਬੰਬ ਬਰਾਮਦ ਹੋਏ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਨ੍ਹਾਂ ਬੰਬਾਂ ਨੂੰ ਪਿੰਡ ਵਿਚ ਛੁੱਟੀ 'ਤੇ ਆਏ ਇਕ ਫੌਜੀ ਵੱਲੋਂ ਬੜੀ ਬਹਾਦਰੀ ਨਾਲ ਪਿੰਡ ਦੇ ਬਾਹਰ ਸੇਮ ਨਾਲ ’ਤੇ ਜਾ ਕੇ ਨਸ਼ਟ ਕਰ ਦਿੱਤਾ ਗਿਆ। 

ਮੌਕੇ 'ਤੇ ਪਹੁੰਚੇ ਥਾਣਾ ਵੈਰੋ ਕਾ ਤੋਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਲਵੀਰ ਸਿੰਘ ਨਾਮਕ ਸ਼ਖਸ ਦੇ ਘਰੋਂ ਉਨ੍ਹਾਂ ਨੂੰ ਜਾਨਵਰਾਂ ਨੂੰ ਮਾਰਨ ਵਾਲੇ ਦੇਸੀ ਬੰਬ ਬਰਾਮਦ ਹੋਏ ਹਨ, ਜਿਨਾਂ ਨੂੰ ਪਿੰਡ ਦੇ ਬਾਹਰ ਨਸ਼ਟ ਕਰ ਦਿੱਤਾ ਗਿਆ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਪੁਲਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।