- Updated: March 25, 2023 12:33 PM
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵਾਸ਼ਿੰਗਟਨ 'ਚ ਸ਼ੁੱਕਰਵਾਰ ਨੂੰ ਸਹੁੰ ਚੁੱਕ ਸਮਾਗਮ ਵਿੱਚ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ ਨੂੰ ਭਾਰਤ ਵਿੱਚ ਨਵੇਂ ਅਮਰੀਕੀ ਰਾਜਦੂਤ ਵਜੋਂ ਅਧਿਕਾਰਤ ਤੌਰ 'ਤੇ ਸਹੁੰ ਚੁਕਾਈ। ਅਮਰੀਕੀ ਸੈਨੇਟ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ 'ਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਗਾਰਸੇਟੀ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਸੀ।
ਇਸ ਨਾਲ ਭਾਰਤ 'ਚ ਅਮਰੀਕੀ ਰਾਜਦੂਤ ਦੇ ਅਹੁਦੇ 'ਤੇ ਗਾਰਸੇਟੀ ਦੀ ਨਿਯੁਕਤੀ ਦਾ ਰਸਤਾ ਸਾਫ਼ ਹੋ ਗਿਆ, ਜੋ ਪਿਛਲੇ 2 ਸਾਲਾਂ ਤੋਂ ਖਾਲੀ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਆਪਣੀ ਨਵੀਂ ਕੂਟਨੀਤਕ ਭੂਮਿਕਾ ਬਾਰੇ ਪੁੱਛੇ ਜਾਣ 'ਤੇ ਗਾਰਸੇਟੀ ਨੇ ਕਿਹਾ, "ਮੈਂ ਇਸ ਅਹੁਦੇ 'ਤੇ ਸੇਵਾ ਕਰਨ ਲਈ ਉਤਸੁਕ ਹਾਂ।" ਸਹੁੰ ਚੁੱਕ ਸਮਾਗਮ ਵਿੱਚ ਗਾਰਸੇਟੀ ਦੀ ਪਤਨੀ ਐਮੀ ਵੇਕਲੈਂਡ, ਪਿਤਾ ਗਿਲ ਗਾਰਸੇਟੀ, ਮਾਂ ਸੁਕੇ ਗਾਰਸੇਟੀ, ਸੱਸ ਡੀ ਵੀਕਲੈਂਡ ਅਤੇ ਕਈ ਹੋਰ ਨਜ਼ਦੀਕੀ ਪਰਿਵਾਰਕ ਮੈਂਬਰ ਹਾਜ਼ਰ ਸਨ।