ਪੰਜਾਬ ‘ਚ ਮੀਂਹ ਕਾਰਨ ਆਈ ਤਾਪਮਾਨ ''ਚ ਗਿਰਾਵਟ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ

ਪੰਜਾਬ ‘ਚ ਮੀਂਹ ਕਾਰਨ ਆਈ ਤਾਪਮਾਨ ''ਚ ਗਿਰਾਵਟ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ

ਪੰਜਾਬ ਦੇ ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਰੁਕ-ਰੁਕ ਕੇ ਹੋ ਰਹੀ ਹੈ। ਇਸ ਦੇ ਨਾਲ ਹੀ ਮੀਂਹ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਦਿਨ ਭਰ ਮੀਂਹ ਪੈਂਦਾ ਰਿਹਾ ਤਾਂ ਵੱਧ ਤੋਂ ਵੱਧ ਤਾਪਮਾਨ 1 ਤੋਂ 2 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ।

ਐਤਵਾਰ ਪਏ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਕ ਦਿਨ ਪਹਿਲਾਂ ਤਕ ਦਿਨ ਦਾ ਤਾਪਮਾਨ 35 ਡਿਗਰੀ ਤਕ ਸੀ। ਐਤਵਾਰ ਪਏ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤਕ 18.1 ਮਿਲੀਮੀਟਰ (ਐੱਮ. ਐੱਮ.) ਮੀਂਹ ਦਰਜ ਕੀਤਾ ਗਿਆ ਹੈ। ਸਵੇਰੇ 7 ਵਜੇ ਸ਼ੁਰੂ ਹੋਇਆ ਮੀਂਹ ਦੁਪਹਿਰ 12 ਵਜੇ ਤਕ ਜਾਰੀ ਰਿਹਾ। 

ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਦੀਆਂ ਸੰਭਾਵਨਾਵਾਂ ਸਨ ਪਰ ਮੀਂਹ ਨਹੀਂ ਪੈ ਰਿਹਾ ਸੀ। ਇਸ ਲਈ ਇਸ ਮੀਂਹ ਨੇ ਮੌਸਮ ਠੰਡਾ ਕਰਨ ਦਾ ਕੰਮ ਕੀਤਾ ਹੈ। ਮੀਂਹ ਦਾ ਆਉਣ ਵਾਲੇ ਦਿਨਾਂ ਵਿਚ ਅਸਰ ਤਾਪਮਾਨ ’ਤੇ ਦੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ਵਿਚ ਦਿਨ ਦਾ ਤਾਪਮਾਨ 29 ਤੋਂ 31 ਡਿਗਰੀ ਤਕ ਰਹਿ ਸਕਦਾ ਹੈ, ਜਦਕਿ ਘੱਟੋ-ਘੱਟ ਤਾਪਮਾਨ 26 ਡਿਗਰੀ ਤਕ ਰਹਿ ਸਕਦਾ ਹੈ। ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਜੋ ਮੀਂਹ ਪਿਆ ਹੈ, ਉਹ ਵੈਸਟਰਨ ਡਿਸਟਰਬੈਂਸ ਦਾ ਅਸਰ ਸੀ। ਆਉਣ ਵਾਲੇ ਦਿਨਾਂ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਤਾਪਮਾਨ ਸਥਿਰ ਰਹੇਗਾ। 

ਅੱਗੇ ਇਹੋ ਜਿਹਾ ਰਹੇਗਾ ਮੌਸਮ
► ਸੋਮਵਾਰ ਵੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਅਤੇ ਘੱਟੋ-ਘੱਟ 26 ਡਿਗਰੀ ਹੋ ਸਕਦਾ ਹੈ।
► ਮੰਗਲਵਾਰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟੋ-ਘੱਟ 26 ਡਿਗਰੀ ਹੋ ਸਕਦਾ ਹੈ।
► ਬੁੱਧਵਾਰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟੋ-ਘੱਟ 26 ਡਿਗਰੀ ਹੋ ਸਕਦਾ ਹੈ।