ਸਾਊਦੀ ਅਰਬ ਦੀ ਰਾਜਧਾਨੀ ਰਿਆਦ ’ਚ ਧਮਾਕਾ, ਕਈ ਉਡਾਣਾਂ ਪ੍ਰਭਾਵਿਤ ਤੇ ਦੇਰੀ ਨਾਲ ਰਵਾਨਾ

ਸਾਊਦੀ ਅਰਬ ਦੀ ਰਾਜਧਾਨੀ ਰਿਆਦ ’ਚ ਧਮਾਕਾ, ਕਈ ਉਡਾਣਾਂ ਪ੍ਰਭਾਵਿਤ ਤੇ ਦੇਰੀ ਨਾਲ ਰਵਾਨਾ

ਪੱਛਮੀ ਏਸ਼ੀਆ ਵਿਚ ਹੂਤੀ ਬਾਗੀਆਂ ਨਾਲ ਸੰਘਰਸ਼ ਵਿਚ ਉਲਝੇ ਸਾਊਦੀ ਅਰਬ ਲਈ ਪ੍ਰੇਸ਼ਾਨੀ ਵਧ ਗਈ ਹੈ। ਸਾਊਦੀ ਰਾਜਧਾਨੀ ਰਿਆਦ ਦੇ ਇੰਟਰਨੈਸ਼ਨਲ ਏਅਰਪੋਰਟ ਨੇੜੇ ਇਕ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਹਾਲਾਂਕਿ, ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਧਮਾਕੇ ਦਾ ਕਾਰਨ ਕੀ ਹੈ ਪਰ ਆਲੇ-ਦੁਆਲੇ ਤੋਂ ਲੰਘ ਰਹੇ ਯਾਤਰੀਆਂ ਨੇ ਆਸਮਾਨ ’ਚ ਧੂੰਏਂ ਦਾ ਵੱਡਾ ਗੁਬਾਰ ਦੇਖਿਆ ਹੈ। ਧਮਾਕੇ ਤੋਂ ਬਾਅਦ ਕਈ ਉਡਾਣਾਂ ਵਿਚ ਦੇਰੀ ਹੋਈ। ਸਾਊਦੀ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ।

ਅਜੇ ਤੱਕ ਸਾਊਦੀ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਧਮਾਕੇ ਜਾਂ ਫਿਰ ਅੱਗ ਲੱਗਣ ਦਾ ਕਾਰਨ ਕੀ ਸੀ। ਹਾਲਾਂਕਿ, ਕਾਫ਼ੀ ਸਮੇਂ ਤੋਂ ਉਹ ਇਸ ਗੱਲ ਨੂੰ ਕਹਿੰਦੇ ਆ ਰਹੇ ਹਨ ਕਿ ਸਾਊਦੀ ਅਰਬ ਏਅਰ ਡਿਫੈਂਸ ਸਿਸਟਮ ਹੂਤੀ ਬਾਗੀਆਂ ਵੱਲੋਂ ਛੱਡੇ ਜਾ ਰਹੇ ਡਰੋਨਾਂ ਅਤੇ ਰਾਕੇਟਾਂ ਨੂੰ ਤਬਾਹ ਕਰ ਰਿਹਾ ਹੈ। ਅਜਿਹੇ ਵਿਚ ਕਈ ਲੋਕਾਂ ਦਾ ਦਾਅਵਾ ਹੈ ਕਿ ਇਸ ਧਮਾਕੇ ਦਾ ਕਾਰਨ ਕਿਸੇ ਮਿਜ਼ਾਈਲ ਜਾਂ ਡਰੋਨ ਦਾ ਮਲਬਾ ਹੋ ਸਕਦਾ ਹੈ। ਹੂਤੀ ਬਾਗੀਆਂ ਨਾਲ ਤਣਾਅ ਵਧਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸਾਊਦੀ ਰਾਜਧਾਨੀ ਵਿਚ ਅਲਰਟ ਜਾਰੀ ਕੀਤਾ ਗਿਆ ਹੋਵੇ। ਸ਼ੁੱਕਰਵਾਰ ਨੂੰ ਹੀ ਸਾਊਦੀ ਅਰਬ ਨੇ ਦੁਸ਼ਮਣ ਦੇ ਹਵਾਈ ਹਮਲੇ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਪੂਰੇ ਦੇਸ਼ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ।