ਬਟਾਲਾ: ਗੁਰਦਾਸਪੁਰ ਰੋਡ ’ਤੇ ਨੌਜਵਾਨ ਨੂੰ ਭੇਤਭਰੇ ਹਾਲਾਤਾਂ ’ਚ ਲੱਗੀ ਗੋਲੀ, ਜਾਂਚ ’ਚ ਜੁਟੀ ਪੁਲਿਸ

ਬਟਾਲਾ: ਗੁਰਦਾਸਪੁਰ ਰੋਡ ’ਤੇ ਨੌਜਵਾਨ ਨੂੰ ਭੇਤਭਰੇ ਹਾਲਾਤਾਂ ’ਚ ਲੱਗੀ ਗੋਲੀ, ਜਾਂਚ ’ਚ ਜੁਟੀ ਪੁਲਿਸ

ਬਟਾਲਾ ‘ਚ ਦਿਨ ਦਿਹਾੜੇ ਗੁਰਦਾਸਪੁਰ ਰੋਡ ‘ਤੇ ਇੱਕ ਨੌਜਵਾਨ ਨੂੰ ਭੇਦਭਰੇ ਹਾਲਾਤ ਵਿੱਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਕਾਰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਰੈਫਰ ਕਰ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਰਦਾਸਪੁਰ ਰੋਡ ’ਤੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚਣ ’ਤੇ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ। ਪੁਲਿਸ ਨੇ ਮੌਕੇ ਤੋਂ ਇੱਕ ਪਿਸਟਲ ਵੀ ਬਰਾਮਦ ਕੀਤਾ ਹੈ।

ਐੱਸਐੱਚਓ ਮੁਤਾਬਕ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਗੋਲੀ ਨੌਜਵਾਨ ਵੱਲੋਂ ਖੁਦ ਚਲਾਈ ਗਈ ਹੋ ਸਕਦੀ ਹੈ, ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਸ ਨੇ ਖੁਦ ਗੋਲੀ ਮਾਰੀ ਜਾਂ ਅਚਾਨਕ ਗੋਲੀ ਚੱਲੀ। ਜ਼ਖ਼ਮੀ ਨੌਜਵਾਨ ਦੀ ਪਹਿਚਾਣ ਵੀ ਹਾਲੇ ਨਹੀਂ ਹੋ ਸਕੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।