ਪੰਜਾਬੀ ਹੁਣ ਕੈਨੇਡਾ ਦੇ ਸਰੀ ‘ਚ ਕਰ ਸਕਣਗੇ ਅਸਥੀਆਂ ਜਲ ਪ੍ਰਵਾਹ

 ਪੰਜਾਬੀ ਹੁਣ ਕੈਨੇਡਾ ਦੇ ਸਰੀ ‘ਚ ਕਰ ਸਕਣਗੇ ਅਸਥੀਆਂ ਜਲ ਪ੍ਰਵਾਹ

ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਸਮੇਤ ਸਾਰੇ ਭਾਰਤੀਆਂ ਨੂੰ ਹੁਣ ਆਪਣੇ ਮ੍ਰਿਤਕ ਅਜ਼ੀਜ਼ਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਭਾਰਤ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਸਰੀ ਸਰਕਾਰ ਨੇ ਇਸ ਉਦੇਸ਼ ਲਈ ਦਰਿਆ ‘ਤੇ ਇੱਕ ਰੈਂਪ ਬਣਾ ਦਿੱਤਾ ਹੈ।

ਸਰੀ ਪਬਲਿਕ ਵਾੱਰਫ ਵਿਖੇ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਇੱਕ ਅਧਿਕਾਰਤ ਸਥਾਨ ਸਥਾਪਤ ਕੀਤਾ ਗਿਆ ਹੈ, ਜਿੱਥੇ ਪਰਿਵਾਰ ਦਰਿਆ ਵਿੱਚ ਅਸਥੀਆਂ ਨੂੰ ਜਲ ਪ੍ਰਵਾਹ ਕਰ ਸਕਣਗੇ।

ਹਾਲਾਂਕਿ, ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੇ ਚਾਹਵਾਨ ਪਰਿਵਾਰਾਂ ਨੂੰ ਪਹਿਲਾਂ ਤੋਂ ਆਨਲਾਈਨ ਬੁਕਿੰਗ ਕਰਨ ਦੀ ਜ਼ਰੂਰਤ ਹੋਏਗੀ। ਇਸ ਦੇ ਲਈ 14,500 ਰੁਪਏ ਦੀ ਫੀਸ ਤੈਅ ਕੀਤੀ ਗਈ ਹੈ। ਸਰੀ ਪ੍ਰਸ਼ਾਸਨ ਦਾ ਇੱਕ ਵਿਅਕਤੀ ਵੀ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਵਾਲਿਆਂ ਦੇ ਨਾਲ ਜਾਵੇਗਾ।

ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਇਹ ਇੱਕ ਸੰਵੇਦਨਸ਼ੀਲ ਅਤੇ ਸਤਿਕਾਰਯੋਗ ਪਹਿਲਕਦਮੀ ਹੈ, ਜਿਸ ਨਾਲ ਪਰਿਵਾਰ ਆਪਣੇ ਵਿਛੜੇ ਅਜ਼ੀਜ਼ਾਂ ਨੂੰ ਸ਼ਾਂਤੀਪੂਰਨ ਅਤੇ ਸਨਮਾਨਜਨਕ ਵਿਦਾਇਗੀ ਦੇ ਸਕਣਗੇ। ਇਹ ਪ੍ਰਾਜੈਕਟ 2.5 ਮਿਲੀਅਨ ਡਾਲਰ (ਲਗਭਗ ₹20.5 ਕਰੋੜ) ਦੇ ਬਜਟ ਨਾਲ ਤੈਅਰ ਕੀਤਾ ਗਿਆ ਇਹ ਪ੍ਰਾਜੈਕਟ ਫਿਲਹਾਲ ਇੱਕ ਸਾਲ ਦਾ ਪਾਇਲਟ ਪ੍ਰੋਜੈਕਟ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਨੂੰ ਹੋਰ ਵਿਕਸਤ ਕੀਤਾ ਜਾਵੇਗਾ।

ਨਦੀ ਵਿੱਚ ਅਸਥੀਆਂ ਨੂੰ ਜਲ ਪ੍ਰਵਾਹ ਕਰਨਾ ਭਾਰਤੀ ਭਾਈਚਾਰੇ ਵਿੱਚ ਇੱਕ ਮਹੱਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਹੈ। ਸਰੀ ਸ਼ਹਿਰ ਪ੍ਰਸ਼ਾਸਨ ਮੁਤਾਬਕ, ਇਸ ਲੋੜ ਨੂੰ ਪੂਰਾ ਕਰਨ ਅਤੇ ਪਰਿਵਾਰਾਂ ਨੂੰ ਇਸ ਰਸਮ ਨੂੰ ਸਤਿਕਾਰਯੋਗ ਢੰਗ ਨਾਲ ਕਰਨ ਦੀ ਆਗਿਆ ਦੇਣ ਲਈ ਇੱਕ ਜਗ੍ਹਾ ਤਿਆਰ ਕੀਤੀ ਗਈ ਹੈ। 2024 ਵਿੱਚ, ਸਿਟੀ ਕੌਂਸਲ ਨੇ ਫਰੇਜ਼ਰ ਨਦੀ ਦੇ ਨਾਲ ਇੱਕ ਢੁਕਵੀਂ ਜਗ੍ਹਾ ਦੀ ਖੋਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਇੱਕ ਤਕਨੀਕੀ ਸਮੀਖਿਆ, ਜਨਤਕ ਸਲਾਹ-ਮਸ਼ਵਰੇ ਅਤੇ ਵਾਤਾਵਰਣ ਮੁਲਾਂਕਣ ਤੋਂ ਬਾਅਦ, ਸਰੀ ਪਬਲਿਕ ਵਾੱਰਫ ਨੂੰ ਚੁਣਿਆ ਗਿਆ।

ਇਸ ਸਾਈਟ ‘ਤੇ ਅਸਥੀਆਂ ਦੇ ਜਲ ਪ੍ਰਵਾਹ ਲਈ ਆਨਲਾਈਨ ਪ੍ਰੀ-ਬੁਕਿੰਗ ਲਾਜ਼ਮੀ ਹੋਵੇਗੀ। ਸਿਟੀ ਮੁਤਾਬਕ 21 ਸਤੰਬਰ ਤੋਂ ਬੁਕਿੰਗ ਬੇਨਤੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇੱਕ ਸੈਰਾਮਨੀ ਲਈ 237 ਡਾਲਰ ਫੀਸ ਤੈਅ ਕੀਤੀ ਗਈ ਹੈ। ਇਸ ਵਿੱਚ ਬੁਕਿੰਗ ਪ੍ਰਬੰਧਨ, ਸਾਈਟ ਦੀ ਤਿਆਰੀ ਅਤੇ ਸ਼ਹਿਰ ਦੇ ਸਟਾਫ ਦੀ ਨਿਗਰਾਨੀ ਸ਼ਾਮਲ ਹੈ।

ਪਰਿਵਾਰਾਂ ਨੂੰ ਤੈਅ ਸਮੇਂ ‘ਤੇ ਸਾਈਟ ‘ਤੇ ਪਹੁੰਚਣਾ ਹੋਵੇਗਾ ਅਤੇ ਸ਼ਹਿਰ ਦੇ ਸਟਾਫ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਸਿਟੀ ਮੌਸਮ, ਲਹਿਰਾਂ ਅਤੇ ਪਾਣੀ ਦੀਆਂ ਸਥਿਤੀਆਂ ਦੇ ਆਧਾਰ ‘ਤੇ ਸੈਰਾਮਨੀ ਨੂੰ ਰੱਦ ਕਰ ਸਕਦੀ ਹੈ।

ਵਾਤਾਵਰਣ ਸੰਬੰਧੀ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮ ਸਥਾਪਿਤ ਕੀਤੇ ਗਏ ਹਨ। ਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਰਫ਼ ਅਸਥੀਆਂ ਹੀ ਪਾਣੀ ਵਿਚ ਪ੍ਰਵਾਹ ਕੀਤੀਆਂ ਜਾ ਸਕਦੀਆਂ ਹਨ, ਹੋਰ ਸਮੱਗਰੀ ਜਾਂ ਪੂਜਾ ਦੀ ਸਮੱਗਰੀ ਵਿਚ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪਰਿਵਾਰਾਂ ਨੂੰ ਸਾਈਟ ‘ਤੇ ਲੱਗੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।

ਸਰੀ ਸਿਟੀ ਦੀ ਇਸ ਵਿਵਸਥਾ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਹੈ। ਇਸਦਾ ਉਦੇਸ਼ ਵਾਤਾਵਰਣ ਅਤੇ ਜਨਤਕ ਜਗ੍ਹਾ ਦੀ ਵਰਤੋਂ ਨੂੰ ਸੰਤੁਲਿਤ ਕਰਦੇ ਹੋਏ ਭਾਈਚਾਰਕ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਪਾਇਲਟ ਦੌਰਾਨ ਮਿਲੇ ਭਾਈਚਾਰਕ ਫੀਡਬੈਕ ਦੇ ਆਧਾਰ ‘ਤੇ ਭਵਿੱਖ ਵਿੱਚ ਸਾਈਟ ਵਿੱਚ ਹੋਰ ਸੁਧਾਰ ਕੀਤੇ ਜਾ ਸਕਦੇ ਹਨ।