ਪੰਜਾਬ ‘ਚ ਅੱਜ AAP ਚੋਣ ਬਿਗੁਲ ਵਜਾਵੇਗੀ , ‘ਮਾਨ ਦੇ ਮੁਨਾਫ਼ੇ’ ਦੇ ਨਾਂ ‘ਤੇ ਕੈਂਪੇਨ ਹੋਵੇਗੀ ਲਾਂਚ

ਪੰਜਾਬ ‘ਚ ਅੱਜ AAP ਚੋਣ ਬਿਗੁਲ ਵਜਾਵੇਗੀ , ‘ਮਾਨ ਦੇ ਮੁਨਾਫ਼ੇ’ ਦੇ ਨਾਂ ‘ਤੇ ਕੈਂਪੇਨ ਹੋਵੇਗੀ ਲਾਂਚ

ਪੰਜਾਬ ਵਿਚ ਅੱਜ ਆਮ ਆਦਮੀ ਪਾਰਟੀ ‘ਮਾਨ ਦੇ ਮੁਨਾਫੇ’ ਨਾਂ ‘ਤੇ ਆਪਣਾ ਚੋਣ ਕੈਂਪੇਨ ਲਾਂਚ ਕਰੇਗੀ। ਆਪ ਅੱਜ ਲੁਧਿਆਣਾ ਦੇ ਪੱਖੋਵਾਲ ਰੋਡ ਇਨਡੋਰ ਸਟੇਡੀਅਮ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਆਪਣੀ ਚੋਣ ਮੁਹਿੰਮ ਸ਼ੁਰੂ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਚੋਣ ਪੈਂਫਲੈਂਟ ਜਾਰੀ ਕਰਨਗੇ। ਇਸ ਤੋਂ ਬਾਅਦ ਪਾਰਟੀ ਦੇ ਵਾਲੰਟੀਅਰ 20 ਸਤੰਬਰ ਤੋਂ ਘਰ-ਘਰ ਜਾ ਕੇ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕਰਨਗੇ। ਮੁੱਖ ਮੰਤਰੀ ਮਾਨ ਭਲਕੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਨਗੇ।

ਬਲਾਕ ਮੁਖੀਆਂ ਤੋਂ ਲੈ ਕੇ ਜ਼ਿਲ੍ਹਾ ਮੁਖੀਆਂ ਤੱਕ ਸਾਰੇ ‘ਆਪ’ ਅਧਿਕਾਰੀ ਇਨਡੋਰ ਸਟੇਡੀਅਮ ਵਿੱਚ ਮੌਜੂਦ ਰਹਿਣਗੇ। ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਪੰਜਾਬ ਵਿੱਚ ਇੰਨੇ ਕੰਮ ਕੀਤੇ ਹਨ, ਜੋ 75 ਸਾਲਾਂ ਵਿਚ ਨਹੀਂ ਹੋਏ। ਇਨ੍ਹਾਂ ਕੰਮਾਂ ਦੇ ਆਧਾਰ ‘ਤੇ ਪਾਰਟੀ ਚੋਣ ਵਿਚ ਉਤਰੇਗੀ। ਭਲਕੇ ਤੋਂ ਸੁਰੂ ਹੋ ਰਹੇ ਡੋਰ ਟੂ ਡੋਰ ਕੈਂਪੇਨ ਰਾਹੀਂ ਸਰਕਾਰ ਦੇ ਕੰਮਕਾਜ ਘਰ-ਘਰ ਪਹੁੰਚਾਉਣਗੇ।

                                Image

ਪੰਜਾਬ ਵਿੱਚ 25,332 ਬੂਥ ਹਨ। ਲਗਭਗ 2.68 ਲੱਖ ਵਰਕਰ ਅਤੇ ਬੂਥ ਆਗੂ ਮੁਹਿੰਮ ਵਿੱਚ ਹਿੱਸਾ ਲੈਣਗੇ। ਇਹ ਮੁਹਿੰਮ ਇੱਕ ਮਹੀਨੇ ਤੱਕ ਚੱਲੇਗੀ।‘ਆਪ’ ਨੇ ਆਪਣੀ ਹਰ ਗਾਰੰਟੀ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਇਸ ਨਾਲ ਹਰੇਕ ਪਰਿਵਾਰ ਨੂੰ ਲਗਭਗ ₹1.82 ਲੱਖ ਸਾਲਾਨਾ ਦਾ ਫਾਇਦਾ ਹੋਇਆ ਹੈ, ਜਦੋਂ ਕਿ ਲਗਭਗ ₹15,000 ਦਾ ਹਰ ਮਹੀਨੇ ਲਾਭ ਮਿਲਦਾ ਹੈ। ਪਾਰਟੀ ਵਰਕਰ ਹੁਣ ਘਰ-ਘਰ ਜਾ ਕੇ ਇਹਨਾਂ ਪਹਿਲਕਦਮੀਆਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ।

ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਦੌਰਾਨ ਪੰਜਾਬ ਨਸ਼ੇ ਦੀ ਸਮੱਸਿਆ ਨਾਲ ਜੂਝਦਾ ਰਿਹਾ। ਉਨ੍ਹਾਂ ਸਰਕਾਰਾਂ ‘ਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ। ਸਿਸੋਦੀਆ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਉਹ ਕਈ ਵਾਅਦਿਆਂ ਤੋਂ ਪਿੱਛੇ ਹਟ ਗਏ ਅਤੇ ਨਸ਼ੇ ਦੀ ਦੁਰਵਰਤੋਂ ਨੂੰ ਖਤਮ ਕਰਨ ਵਿੱਚ ਅਸਫਲ ਰਹੇ।

ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਛੇੜੀ ਗਈ। ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਗਏ, ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਸਪਲਾਈ ਲੜੀ ਵਿੱਚ ਵਿਘਨ ਪਾਇਆ ਗਿਆ।