ਇਟਲੀ ਦੇ ਵਰਕ ਵੀਜ਼ਾ ਦਾ ਝਾਂਸਾ ਦੇ ਕੇ 13.50 ਲੱਖ ਰੁਪਏ ਦੀ ਮਾਰੀ ਠੱਗੀ

ਇਟਲੀ ਦੇ ਵਰਕ ਵੀਜ਼ਾ ਦਾ ਝਾਂਸਾ ਦੇ ਕੇ 13.50 ਲੱਖ ਰੁਪਏ ਦੀ ਮਾਰੀ ਠੱਗੀ

ਇਟਲੀ ਭੇਜਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਤੋਂ 13.50 ਲੱਖ ਰੁਪਏ ਦੀ ਮੋਟੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦਾ ਨਾਂ ਅਮਰਜੀਤ ਸਿੰਘ ਦੱਸਿਆ ਜਾ ਰਿਹਾ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਬਜੀਤ ਸਿੰਘ ਨੇ ਦੱਸਿਆ ਕਿ  ਉਹ ਆਪਣੇ ਭਤੀਜੇ ਚੰਨਪ੍ਰੀਤ ਸਿੰਘ ਨੂੰ ਚੰਗੇ ਭਵਿੱਖ ਲਈ ਇਟਲੀ ਭੇਜਣਾ ਚਾਹੁੰਦੇ ਸਨ। ਇਸ ਦੌਰਾਨ ਉਨ੍ਹਾਂ ਦਾ ਸੰਪਰਕ ਉਕਤ ਏਜੰਟ ਨਾਲ ਹੋਇਆ। ਮੁਲਜ਼ਮ ਨੇ ਖ਼ੁਦ ਨੂੰ ਵੀਜ਼ਾ ਐਕਸਪਰਟ ਦੱਸਦਿਆਂ ਦਾਅਵਾ ਕੀਤਾ ਕਿ ਉਸ ਦੀ ਸਿੱਧਾ ਇਟਲੀ ਦੀਆਂ ਵੱਡੀਆਂ ਕੰਪਨੀਆਂ ਨਾਲ ਸੈਟਿੰਗ ਹੈ ਤੇ ਉਹ ਚੰਨਪ੍ਰੀਤ ਸਿੰਘ ਦਾ ਪੱਕਾ ਵਰਕ ਵੀਜ਼ਾ ਲਗਵਾ ਕੇ ਦੇਵੇਗਾ। ਮੁਲਜ਼ਮ ਦੇ ਇਸ ਝਾਂਸੇ ਵਿਚ ਆ ਕੇ ਪੀੜਤ ਪਰਿਵਾਰ ਨੇ ਵੱਖ-ਵੱਖ ਖਰਚਿਆਂ ਦੇ ਨਾਂ 'ਤੇ ਉਨ੍ਹਾਂ ਕੋਲੋਂ 13 ਲੱਖ 50 ਹਜ਼ਾਰ ਰੁਪਏ ਲੈ ਲਏ।

ਸਰਬਜੀਤ ਸਿੰਘ ਦਾ ਦੋਸ਼ ਹੈ ਕਿ ਪੈਸੇ ਲੈਣ ਮਗਰੋਂ ਮੁਲਜ਼ਮ ਏਜੰਟ ਦੇ ਸੁਰ ਪੂਰੀ ਤਰ੍ਹਾਂ ਬਦਲ ਗਏ। ਜਦੋਂ ਉਸ ਨੇ ਕਾਫ਼ੀ ਦੇਰ ਚੰਨਪ੍ਰੀਤ ਨੂੰ ਵਿਦੇਸ਼ ਨਹੀਂ ਭੇਜਿਆ ਤਾਂ ਪਰਿਵਾਰ ਨੇ ਪਾਸਪੋਰਟ ਤੇ 13.50 ਲੱਖ ਰੁਪਏ ਵਾਪਸ ਮੰਗੇ। ਇਸ 'ਤੇ ਮੁਲਜ਼ਮ ਟਾਲਮਟੋਲ ਕਰਨ ਲੱਗ ਪਿਆ। ਇਸ ਮਗਰੋਂ ਉਸ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਪੀੜਤ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।