ਵਿਆਹ ਕਰਾਉਣ ਆਏ ਰੋਹਤਕ ਦੇ ਲਾੜਿਆਂ ਨਾਲ ਲੁਧਿਆਣਾ ''ਚ ਜੋ ਹੋਇਆ ਉਸ ਨੇ ਸਭ ਦੇ ਹੋਸ਼ ਉੜਾਏ। 

ਵਿਆਹ ਕਰਾਉਣ ਆਏ ਰੋਹਤਕ ਦੇ ਲਾੜਿਆਂ ਨਾਲ ਲੁਧਿਆਣਾ ''ਚ ਜੋ ਹੋਇਆ ਉਸ ਨੇ ਸਭ ਦੇ ਹੋਸ਼ ਉੜਾਏ। 

ਹਰਿਆਣਾ ਦੇ ਰੋਹਤਕ ਤੋਂ ਵਿਆਹ ਕਰਵਾਉਣ ਆਏ ਤਿੰਨ ਲਾੜਿਆਂ ਦੇ ਉਸ ਵੇਲੇ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਆਹ ਕਰਾਉਣ ਦੇ ਨਾਂ 'ਤੇ ਵਿਚੋਲੇ ਨੇ ਉਨ੍ਹਾਂ ਨਾਲ ਠੱਗੀ ਮਾਰ ਲਈ ਹੈ। ਵਿਚੋਲੇ ਨੇ ਪਹਿਲਾਂ ਲਾੜਿਆਂ ਤੋਂ ਵਿਆਹ ਕਰਵਾਉਣ ਦੇ ਨਾਂ 'ਤੇ ਡੇਢ ਲੱਖ ਰੁਪਏ ਲਏ, ਜਿਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਫੋਨ 'ਤੇ ਵਿਆਹ ਸਬੰਧੀ ਲੁਧਿਆਣਾ ਦੇ ਰਾਜੂ ਨਾਂ ਦੇ ਵਿਅਕਤੀ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ 'ਚ 3 ਮੁੰਡਿਆਂ ਦੇ ਵਿਆਹ ਕਰਾਉਣੇ ਸਨ।

ਦੋਸ਼ੀ ਰਾਜੂ ਨੇ ਕਿਹਾ ਸੀ ਕਿ ਫਗਵਾੜਾ ਦੇ ਅਨਾਥ ਆਸ਼ਰਮ 'ਚ ਉਸ ਦੀ ਜਾਣ-ਪਛਾਣ ਹੈ, ਜੋ ਕਿ ਕੁੜੀਆਂ ਦੇ ਵਿਆਹ ਵੀ ਕਰਾਉਂਦੇ ਹਨ ਪਰ ਇਸ ਲਈ ਰਜਿਸਟ੍ਰੇਸ਼ਨ ਫ਼ੀਸ ਹੁੰਦੀ ਹੈ। ਇਸ ਤਰ੍ਹਾਂ ਉਸ ਨੇ ਇਕ ਲਾੜੇ ਤੋਂ 50 ਹਜ਼ਾਰ ਰੁਪਏ ਲੈਣ ਦੀ ਗੱਲ ਕਹੀ। ਉਸ ਨੇ ਕਿਹਾ ਕਿ ਲੁਧਿਆਣਾ 'ਚ ਵਿਆਹ ਦੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਫਿਰ ਫਗਵਾੜਾ ਤੋਂ ਕੁੜੀਆਂ ਲਿਆ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਜਾਵੇਗਾ।

ਸੋਮਵਾਰ ਨੂੰ ਰਾਜੂ ਨੇ ਇਨ੍ਹਾਂ ਲੋਕਾਂ ਨੂੰ ਲੁਧਿਆਣਾ ਬੁਲਾ ਲਿਆ ਸੀ ਅਤੇ ਕਿਹਾ ਸੀ ਕਿ ਉਹ ਰਜਿਸਟ੍ਰੇਸ਼ਨ ਤੋਂ ਬਾਅਦ ਵਿਆਹ ਕਰਵਾ ਦੇਵੇਗਾ। ਇਸ ਤੋਂ ਬਾਅਦ ਦੋਸ਼ੀ ਨੇ ਸਾਰੇ ਲੋਕਾਂ ਨੂੰ ਲੁਧਿਆਣਾ ਦੇ ਇਕ ਹੋਟਲ 'ਚ ਠਹਿਰਾਇਆ ਅਤੇ ਤਿੰਨਾਂ ਕੋਲੋਂ ਡੇਢ ਲੱਖ ਰੁਪਏ ਲੈ ਕੇ ਚਲਾ ਗਿਆ ਅਤੇ ਫਿਰ ਵਾਪਸ ਨਹੀਂ ਆਇਆ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।