ਫਰਿਜ਼ਨੋ ਸ਼ਹਿਰ ਖ਼ਾਲਸਾਈ ਰੰਗ ''ਚ ਰੰਗਿਆ , ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਸਜਾਇਆ ਨਗਰ ਕੀਰਤਨ। 

ਫਰਿਜ਼ਨੋ ਸ਼ਹਿਰ ਖ਼ਾਲਸਾਈ ਰੰਗ ''ਚ ਰੰਗਿਆ , ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਸਜਾਇਆ ਨਗਰ ਕੀਰਤਨ। 

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ। ਇਸ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਤੋਂ ਮਗਰੋਂ ਹੋਈ। ਗੁਰੂਘਰ ਵਿਖੇ ਹਾਜ਼ਰ ਬਹੁਤ ਸਾਰੇ ਕੀਰਤਨੀ ਜੱਥਿਆਂ ਅਤੇ ਕਥਾਕਾਰਾਂ ਨੇ ਸੰਗਤ ਨੂੰ ਨਿਰੋਲ ਗੁਰਬਾਣੀ ਨਾਲ ਨਿਹਾਲ ਕੀਤਾ। ਗੁਰੂਘਰ ਦੇ ਬਾਹਰ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਵੱਲੋਂ ਕੇਸਰੀ, ਨੀਲੀਆਂ, ਹਰੀਆਂ, ਪੀਲੀਆਂ ਅਤੇ ਹੋਰ ਬਹੁਤ ਰੰਗਾ ਦੇ ਨਜ਼ਾਰੇ ਪੇਸ਼ ਕਰਦੀਆਂ ਦਸਤਾਰਾਂ ਅਤੇ ਦੁਪੱਟਿਆਂ ਵਿਚ ਸਾਰੇ ਫਰਿਜ਼ਨੋ ਸ਼ਹਿਰ ਨੂੰ ਹੀ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ ਹੋਵੇ।

ਟਰੱਕਾਂ 'ਤੇ ਸਜੇ ਹੋਏ ਵੱਖੋ-ਵੱਖ ਤਰ੍ਹਾਂ ਦੇ ਸੁਨੇਹੇ ਪੇਸ਼ ਕਰਦੇ ਫਲੋਟਾ ਨੇ ਵਿਲੱਖਣ ਨਜ਼ਾਰਾ ਪੇਸ਼ ਕੀਤਾ। ਬੱਚਿਆਂ ਦੇ ਗੱਤਕਾ ਗਰੁੱਪਾਂ ਵੱਲੋਂ ਆਪਣੀ ਇਸ ਕਲਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੁਕਾਨਦਾਰਾਂ ਵੱਲੋਂ ਅਨੇਕਾ ਦੁਕਾਨਾਂ ਅਤੇ ਵੱਖ-ਵੱਖ ਬੂਥ ਵੀ ਸੰਗਤ ਲਈ ਖਿੱਚ ਦਾ ਕੇਂਦਰ ਬਣੇ ਨਜ਼ਰ ਆ ਰਹੇ ਸਨ। ਲਾਉਡ ਸਪੀਕਰਾਂ ਵਿੱਚ ਗੂੰਜਦੇ "ਬੋਲੇ ਸੋ ਨਿਹਾਲ ਦੇ ਜੈਕਾਰਿਆਂ" ਨਾਲ ਜਿਵੇਂ ਅਸਮਾਨ ਗੂੰਜ ਰਿਹਾ ਸੀ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉਪਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਪਾਲਕੀ ਸ਼ਸੋਭਿਤ ਸੀ। ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਭਾਰੀ ਉਤਸਾਹ ਅਤੇ ਸਰਧਾ ਨਾਲ ਪਾਲਕੀ ਸਾਹਿਬ ਦੇ ਪਿਛੇ ਪੈਦਲ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਜਿਸ ਬਾਅਦ ਫਲੋਟ ਚਲ ਰਹੇ ਸਨ। ਕੈਲੇਫੋਰਨੀਆ ਗਤਕਾ ਦਲ ਦੇ ਸਿੰਘਾਂ ਦੇ ਜਬਰਦਸਤ ਗੱਤਕੇ ਦੇ ਜੌਹਰ ਵੀ ਵੇਖਣ ਯੋਗ ਸਨ।

ਇਸ ਸਮੇਂ ਪੰਜਾਬ ਤੋਂ ਮੰਗਵਾਏ ਟਰੈਕਟਰ ਅਤੇ ਟ੍ਰਾਲੀਆਂ ਤੋਂ ਇਲਾਵਾ ਸਿੱਖ ਮੋਟਰ ਸਾਈਕਲ ਰਾਈਡਰ ਵੀ ਨਗਰ ਕੀਰਤਨ ਦਾ ਸ਼ਿੰਗਾਰ ਬਣੇ। ਇਸ ਸਮੇਂ ਗੁਰੂਘਰ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਹ ਨਗਰ ਕੀਰਤਨ ਫਾਊਲਰ ਸ਼ਹਿਰ ਦੇ ਮਿੱਥੇ ਰੂਟ ਨੂੰ ਤੈਅ ਕਰਦਾ ਹੋਇਆ ਵਾਪਸ ਗੁਰੂਘਰ ਪਹੁੰਚ ਕੇ ਸਮਾਪਤ ਹੋਇਆ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆ।