- Updated: December 07, 2022 01:28 PM
ਕਮਿਸ਼ਨਰੇਟ ਪੁਲਸ ਨੇ ਜ਼ੀਰਕਪੁਰ ਤੋਂ ਟੈਕਸੀ ਹਾਇਰ ਕਰਕੇ ਲੁਧਿਆਣਾ ਆ ਕੇ ਲੁੱਟਣ ਵਾਲੇ ਗਿਰੋਹ ਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਸ ਵਿਚ ਇਕ ਕੁੜੀ ਵੀ ਸ਼ਾਮਲ ਹੈ, ਜਦੋਂਕਿ ਗਿਰੋਹ ਦੇ 5 ਮੈਂਬਰ ਅਜੇ ਫਰਾਰ ਹਨ। ਫੜੇ ਗਏ ਮੁਲਜ਼ਮ ਰਣਜੀਤ ਸਿੰਘ ਅਤੇ ਲਵਪ੍ਰੀਤ ਕੌਰ ਉਰਫ ਪ੍ਰੀਤੀ ਹਨ। ਦੋਵੇਂ ਮੁਲਜ਼ਮ ਢਿੱਲੋਂ ਨਗਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਮੋਬਾਇਲ, ਲੁੱਟੀ ਹੋਈ ਸਵਿਫਟ ਕਾਰ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ, ਜਦੋਂਕਿ ਫਰਾਰ ਮੁਲਜ਼ਮ ਸੋਨੂੰ ਗੁਪਤਾ ਉਰਫ ਸੋਨੂੰ ਸ਼ੂਟਰ, ਮਨਜੋਤ ਸਿੰਘ ਉਰਫ ਜੋਤੀ, ਇੰਦਰਜੀਤ ਸਿੰਘ ਉਰਫ ਗਾਂਧੀ ਅਤੇ 2 ਅਣਪਛਾਤੇ ਹਨ। ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਪ੍ਰੀਤੀ ਜ਼ੀਰਕਪੁਰ ’ਚ ਆਰਕੈਸਟਰਾ ਦਾ ਸ਼ੋਅ ਲਗਾਉਣ ਆਈ ਸੀ। ਸ਼ੋਅ ਰੱਦ ਹੋ ਜਾਣ ’ਤੇ ਉਸ ਨੇ 5 ਦਸੰਬਰ ਦੀ ਰਾਤ ਨੂੰ 2500 ਰੁਪਏ ’ਚ ਆਨਲਾਈਨ ਟੈਕਸੀ ਬੁੱਕ ਕੀਤੀ। ਬੁਕਿੰਗ ’ਤੇ ਡਰਾਈਵਰ ਸੰਦੀਪ ਕੁਮਾਰ ਨਿਵਾਸੀ ਡੇਰਾ ਬੱਸੀ, ਸਵਿਫਟ ਕਾਰ ਲੈ ਕੇ ਜ਼ੀਰਕਪੁਰ ਤੋਂ ਲੁਧਿਆਣਾ ਔਰਤ ਨੂੰ ਛੱਡਣ ਲਈ ਆ ਰਿਹਾ ਸੀ।
ਔਰਤ ਜ਼ੀਰਕਪੁਰ ਤੋਂ ਲੁਧਿਆਣਾ ਤੱਕ ਸ਼ਰਾਬ ਪੀਂਦੀ ਆਈ। ਰਸਤੇ ’ਚ ਉਸ ਨੇ ਡਰਾਈਵਰ ਨੂੰ ਵੀ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਮਨ੍ਹਾ ਕਰ ਦਿੱਤਾ। ਜਦੋਂ ਉਹ ਡਾਬਾ ਦੇ ਲੋਹਾਰਾ ਕੋਲ ਪੁੱਜਾ ਤਾਂ ਪ੍ਰੀਤੀ ਨੇ ਬਹਾਨਾ ਬਣਾਇਆ ਕਿ ਉਸ ਕੋਲ ਕੈਸ਼ ਨਹੀਂ ਹੈ ਅਤੇ ਉਸ ਦਾ ਗੂਗਲ-ਪੇ ਨਹੀਂ ਚੱਲ ਰਿਹਾ ਅਤੇ ਉਹ ਇੱਥੇ ਰੁਕੇ ਅਤੇ ਉਹ ਆਪਣੇ ਭਰਾ ਨੂੰ ਬੁਲਾ ਲੈਂਦੀ ਹੈ। ਇਸੇ ਦੌਰਾਨ ਮੁਲਜ਼ਮ ਔਰਤ ਨੇ ਆਪਣੇ ਸਾਥੀਆਂ ਨੂੰ ਫੋਨ ਕਰ ਕੇ ਲੋਕੇਸ਼ਨ ਭੇਜ ਦਿੱਤੀ। ਲੋਹਾਰਾ ਪਿੰਡ ਨੇੜੇ 2 ਬਾਈਕਾਂ ’ਤੇ ਪੰਜ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਪੁੱਜ ਗਏ। ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਦੀ ਚਾਬੀ ਸਮੇਤ ਉਸ ਦਾ ਪਰਸ, ਮੋਬਾਇਲ ਫੋਨ ਅਤੇ 8500 ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ।
ਡਰਾਈਵਰ ਸੰਦੀਪ ਦੀ ਸਮਝਦਾਰੀ ਨਾਲ ਵਾਰਦਾਤ ਜਲਦ ਹੱਲ ਹੋ ਗਈ। ਸੰਦੀਪ ਨੇ ਗੱਡੀ ’ਚ ਇਕ ਵੱਖਰਾ ਬਟਨ ਲਗਵਾਇਆ ਸੀ। ਉਸ ਬਟਨ ਦੀ ਮਦਦ ਨਾਲ ਟੈਂਕ ’ਚੋਂ ਆਉਣ ਵਾਲਾ ਪੈਟਰੋਲ ਬੰਦ ਹੋ ਜਾਂਦਾ ਸੀ। ਬਦਮਾਸ਼ ਜਦੋਂ ਗੱਡੀ ਉਸ ਤੋਂ ਖੋਹਣ ਲੱਗੇ ਤਾਂ ਸੰਦੀਪ ਨੇ ਹੁਸ਼ਿਆਰੀ ਨਾਲ ਬਟਨ ਦਬਾ ਦਿੱਤਾ। ਕਰੀਬ 500 ਮੀਟਰ ਦੂਰ ਜਾ ਕੇ ਗੱਡੀ ਖੁਦ ਹੀ ਬੰਦ ਹੋ ਗਈ। ਬਦਮਾਸ਼ਾਂ ਨੇ ਸੋਚਿਆ ਕਿ ਸ਼ਾਇਦ ਤੇਲ ਖਤਮ ਹੋ ਗਿਆ। ਇਸੇ ਦੌਰਾਨ ਬਦਮਾਸ਼ ਉੱਥੇ ਹੀ ਸੜਕ ’ਤੇ ਗੱਡੀ ਛੱਡ ਕੇ ਫਰਾਰ ਹੋ ਗਏੇ, ਜਿਸ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਐੱਸ. ਐੱਚ. ਓ. ਇੰਸ. ਰਣਧੀਰ ਸਿੰਘ ਨੇ ਪੁਲਸ ਪਾਰਟੀ ਨਾਲ ਇਲਾਕੇ ਵਿਚ ਗੱਡੀ ਲੱਭਣੀ ਸ਼ੁਰੂ ਕੀਤੀ ਤਾਂ ਕੁਝ ਦੂਰ ਗੱਡੀ ਬਰਾਮਦ ਹੋ ਗਈ, ਜਿਸ ਤੋਂ ਬਾਅਦ ਪ੍ਰੀਤੀ ਨੂੰ ਫੜ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਰਣਜੀਤ ਨੂੰ ਵੀ ਫੜ ਲਿਆ ਗਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਹਾਰਡਕੋਰ ਅਪਰਾਧੀ ਹੈ। ਉਸ ਦੇ ਖ਼ਿਲਾਫ ਅੱਧਾ ਦਰਜਨ ਕੇਸ ਦਰਜ ਹਨ। ਉਸ ’ਤੇ ਥਾਣਾ ਸ਼ਿਮਲਾਪੁਰੀ, ਥਾਣਾ ਡਾਬਾ, ਡਵੀਜ਼ਨ ਨੰ. 6 ਅਤੇ 5 ਵਿਚ ਲੁੱਟ ਅਤੇ ਚੋਰੀ ਦੇ ਕੇਸ ਦਰਜ ਹਨ।