- Updated: September 20, 2023 12:09 PM
ਭਾਰਤ ਅਤੇ ਕੈਨੇਡਾ ਵਿਚਾਲੇ ਦੇ ਰਾਜਨੀਤਿਕ ਤਣਾਅ ਦਾ ਅਸਰ ਇਨ੍ਹਾਂ ਦੋਵਾਂ ਦੇਸ਼ਾਂ ਦੇ ਅਰਥਿਕ ਸੰਬੰਧਾਂ 'ਤੇ ਵੀ ਪੈ ਸਕਦਾ ਹੈ। ਭਾਵੇਂ ਇਹ ਅਸਰ ਇਕਦਮ ਨਾ ਹੋਵੇ, ਪਰ ਜੇਕਰ ਇਹ ਵਿਵਾਦ ਲੰਮੇ ਸਮੇਂ ਤੱਕ ਚੱਲਿਆ ਤਾਂ ਵਪਾਰ 'ਤੇ ਇਸ ਦਾ ਨਕਾਰਾਤਮਕ ਅਸਰ ਦੇਖਣ ਨੂੰ ਮਿਲੇਗਾ। ਰਾਜਨੀਤਿਕ ਕਾਰਣਾਂ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂਆਤੀ ਵਪਾਰ ਸਮਝੌਤੇ ਦੀ ਗੱਲਬਾਤ ਵੀ ਰੱਦ ਹੋ ਚੁੱਕੀ ਹੈ ਜੋ ਕਿ ਅੰਤਿਮ ਪੜਾਅ 'ਚ ਸੀ। ਇਸ ਸਮਝੌਤੇ ਦੀ ਇਸ ਸਾਲ ਦੇ ਖ਼ਤਮ ਹੋਣ ਤੱਕ ਫਾਈਨਲ ਹੋ ਜਾਣ ਦੀ ਉਮੀਦ ਸੀ।
ਕੈਨੇਡਾ ਨਾਲ ਭਾਰਤ ਦਾ ਕੁੱਲ ਵਪਾਰ 1 ਫ਼ੀਸਦੀ ਤੋਂ ਘੱਟ ਹੈ। ਵਿੱਤੀ ਸਾਲ 2023 ਦੌਰਾਨ ਕੈਨੇਡਾ ਨੂੰ ਭਾਰਤ ਤੋਂ 4.11 ਅਰਬ ਡਾਲਰ ਦਾ ਨਿਰਯਾਤ ਸੀ, ਜੋ 2022 ਦੇ ਵਿੱਤੀ ਸਾਲ ਦੇ 3.76 ਅਰਬ ਡਾਲਰ ਤੋਂ ਵੱਧ ਹੈ। ਭਾਰਤ ਤੋਂ ਕੈਨੇਡਾ ਭੇਜੀਆਂ ਜਾਣ ਵਾਲੇ ਪ੍ਰਮੁੱਖ ਨਿਰਯਾਤ 'ਚ ਦਵਾਈਆਂ, ਹੀਰੇ, ਰਸਾਇਣ, ਗਹਿਣੇ, ਇੰਜੀਨੀਅਰਿੰਗ ਦਾ ਸਾਮਾਨ, ਚੌਲ, ਇਲੈਕਟ੍ਰਾਨਿਕ ਉਪਕਰਨ ਆਦਿ ਸ਼ਾਮਲ ਹਨ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਸੰਗਠਨ ਦੇ ਸੀ.ਈ.ਓ. ਅਜੈ ਸਹਾਏ ਨੇ ਕਿਹਾ, 'ਵਪਾਰ 'ਤੇ ਸ਼ਾਇਦ ਕੋਈ ਅਸਰ ਇਕਦਮ ਨਹੀਂ ਦਿਖੇਗਾ। ਪਰ ਜੇਕਰ ਕੋਈ ਅਸਰ ਹੁੰਦਾ ਵੀ ਹੈ ਤਾਂ ਦੇਸ਼ ਦੇ ਹਿੱਤ ਲਈ ਵਪਾਰ ਵੱਲ ਧਿਆਨ ਦੇਣਾ ਪਵੇਗਾ।'
ਲਗਾਤਾਰ ਵਧਦੀ ਹੋਈ ਆਬਾਦੀ ਕਾਰਨ ਕੈਨੇਡਾ 'ਚ ਭਾਰਤੀਆਂ ਦੀ ਹਿੱਸੇਦਾਰੀ ਵੀ ਵਧਦੀ ਜਾ ਰਹੀ ਹੈ। ਦੇਸ਼ ਦੀ ਕੁੱਲ ਆਬਾਦੀ ਦਾ 5 ਫ਼ੀਸਦੀ ਹਿੱਸਾ ਭਾਰਤੀ ਆਬਾਦੀ ਦਾ ਹੈ, ਜੋ 2011 'ਚ 4 ਫ਼ੀਸਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਦੀ ਕੁੱਲ ਆਬਾਦੀ 'ਚ ਭਾਰਤੀਆਂ ਦੀ ਹਿੱਸੇਦਾਰੀ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਮਦਦ ਮਿਲਦੀ ਹੈ। ਅਤੇ ਇਸੇ ਕਾਰਨ ਭਾਰਤ 'ਚ ਕੈਨੇਡਾ ਤੋਂ ਕਾਫ਼ੀ ਮਾਤਰਾ 'ਚ ਪੈਸਾ ਆਉਂਦਾ ਹੈ। ਭਾਰਤ 'ਚ ਲਗਭਗ 4 ਅਰਬ ਡਾਲਰ ਕੈਨੇਡਾ ਤੋਂ ਆਉਂਦਾ ਹੈ ਜੋ ਕਿ ਜਰਮਨੀ, ਇਟਲੀ, ਫਿਲੀਪੀਂਸ ਵਰਗੇ ਦੇਸ਼ਾਂ ਤੋਂ ਵੱਧ ਹੈ।