ਅੰਮ੍ਰਿਤਪਾਲ'' ਦਾ ਮੁੱਦਾ ਗੂੰਜਿਆ ਪੰਜਾਬ ਵਿਧਾਨ ਸਭਾ ''ਚ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬੋਲੇ-''ਗ੍ਰਿਫ਼ਤਾਰ ਕਰੋ, ਅਸੀਂ ਤੁਹਾਡੇ ਨਾਲ ਹਾਂ

ਅੰਮ੍ਰਿਤਪਾਲ'' ਦਾ ਮੁੱਦਾ ਗੂੰਜਿਆ ਪੰਜਾਬ ਵਿਧਾਨ ਸਭਾ ''ਚ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬੋਲੇ-''ਗ੍ਰਿਫ਼ਤਾਰ ਕਰੋ, ਅਸੀਂ ਤੁਹਾਡੇ ਨਾਲ ਹਾਂ

ਪੰਜਾਬ ਵਿਧਾਨ ਸਭਾ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਦਾ ਜ਼ੋਰ-ਸ਼ੋਰ ਨਾਲ ਮੁੱਦਾ ਚੁੱਕਿਆ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਮ੍ਰਿਤਪਾਲ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਜਿੰਨੀ ਜਲਦੀ ਹੋ ਸਕੇ ਗ੍ਰਿਫ਼ਤਾਰ ਕੀਤਾ ਜਾਵੇ, ਅਸੀਂ ਸਰਕਾਰ ਦੇ ਨਾਲ ਹਾਂ। ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਸਲਾਹਕਾਰ ਲਾਹੌਰ ਜਾਂਦੇ ਹਨ ਅਤੇ ਆਈ. ਐੱਸ. ਆਈ. ਦੇ ਨਾਲ ਸਾਡੇ ਦੇਸ਼ ਵਿਚਲੀਆਂ ਕੁੱਝ ਏਜੰਸੀਆਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ, ਜਿਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਨੂੰ ਵੀ ਖ਼ੁਸ਼ੀ ਹੁੰਦੀ ਹੈ ਕਿ ਮੁੱਖ ਮੰਤਰੀ ਮਾਨ ਆਮ ਘਰ 'ਚੋਂ ਉੱਠ ਕੇ ਆਏ ਹਨ ਅਤੇ ਸਾਨੂੰ ਵੀ ਉਮੀਦ ਹੈ ਕਿ ਕੋਈ ਆਮ ਬੰਦਾ ਵੀ ਮੁੱਖ ਮੰਤਰੀ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਨੂੰ ਵਿਦੇਸ਼ ਟ੍ਰੇਨਿੰਗ ਲਈ ਭੇਜਿਆ ਗਿਆ ਹੈ ਪਰ ਇਸ ਦੇ ਨਾਲ ਹੀ ਟ੍ਰੇਨਿੰਗ 'ਤੇ ਭੇਜਣ ਲਈ ਸਵਾਲਾਂ ਦੇ ਜਵਾਬ ਵੀ ਸਰਕਾਰ ਨੂੰ ਦੇਣੇ ਪੈਣਗੇ।

ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਕੁੱਝ ਲੋਕ ਇੱਥੇ ਗਵਰਨਰ ਰਾਜ ਲਾਗੂ ਕਰਨਾ ਚਾਹੁੰਦੇ ਹਨ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੀ ਲੋਕਾਂ ਦੇ ਸਾਰੇ ਕੰਮ ਕਰੇਗੀ। ਰਾਜਾ ਵੜਿੰਗ ਨੇ ਅਜਨਾਲੇ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਪਹੁੰਚਾਈ ਹੈ।