ਵਿਦੇਸ਼ ਜਾਣ ਦਾ ਝਾਂਸਾ ਦੇ ਕੇ IELTS ਕਲਾਸ ''ਚ ਮਿਲੇ ਮੁੰਡੇ ਨੇ ਰੋਲ਼ੀ ਕੁੜੀ ਦੀ ਪੱਤ

ਵਿਦੇਸ਼ ਜਾਣ ਦਾ ਝਾਂਸਾ ਦੇ ਕੇ IELTS ਕਲਾਸ ''ਚ ਮਿਲੇ ਮੁੰਡੇ ਨੇ ਰੋਲ਼ੀ ਕੁੜੀ ਦੀ ਪੱਤ

ਥਾਣਾ ਸੁਧਾਰ ਦੀ ਪੁਲਸ ਨੇ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਅਤੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਦੇ ਕਥਿਤ ਦੋਸ਼ੀ ਖ਼ਿਲਾਫ਼ ਅਨਮੋਲਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਰਾਏਕੋਟ ਸ਼ਹਿਰ ਵਿਖੇ ਪਿਛਲੇ ਸਾਲ IELTS ਦੀ ਕੋਚਿੰਗ ਲੈ ਰਹੀ ਸੀ ਤੇ ਇਸ ਸਾਲ ਜਨਵਰੀ ਮਹੀਨੇ ਉਸ ਨੂੰ ਅਨਮੋਲਦੀਪ ਸਿੰਘ ਵਾਸੀ ਸੀਲੋਆਣੀ ਨੇ ਆਪਣੇ ਝਾਂਸੇ ਵਿਚ ਲੈਂਦਿਆਂ ਕਿਹਾ ਕਿ ਉਹ ਆਈਲੈਟਸ ਕਰਨ ਤੋਂ ਬਾਅਦ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਭੇਜ ਦੇਵੇਗਾ। ਇਸੇ ਸਾਲ ਅਗਸਤ ਮਹੀਨੇ ਅਨਮੋਲ ਉਸ ਦੇ ਘਰ ਆਇਆ ਤੇ ਘਰ ਵਿਚ ਕੋਈ ਨਾ ਹੋਣ ਕਾਰਨ ਅਨਮੋਲਦੀਪ ਨੇ ਉਸ ਨੂੰ ਬਹਿਲਾ ਫੁਸਲਾ ਕੇ ਸਰੀਰਕ ਸਬੰਧ ਬਣਾਏ।

ਪੀੜਤਾ ਅਨੁਸਾਰ ਅਨਮੋਲਦੀਪ ਵਿਆਹ ਦਾ ਭਰੋਸਾ ਦੇ ਕੇ ਉਸ ਨੂੰ ਰਾਏਕੋਟ ਦੇ ਇਕ ਹੋਟਲ ਵਿਚ ਲੈ ਗਿਆ ਤੇ ਦੁਬਾਰਾ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਅਗਲੇ ਦਿਨ ਅਨਮੋਲਦੀਪ ਉਸ ਨਾਲ ਵਿਆਹ ਕਰਵਾਉਣ ਦੀ ਥਾਂ ਆਪਣੇ ਪਿੰਡ ਸੀਲੋਆਣੀ ਲੈ ਗਿਆ ਤੇ ਜਦ ਉਸ ਨੂੰ ਵਿਆਹ ਕਰਵਾਉਣ ਬਾਰੇ ਕਿਹਾ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ । ਪੀੜਤਾ ਅਨੁਸਾਰ ਇਸ ਉਪਰੰਤ ਉਹ ਵਾਪਸ ਆਪਣੇ ਘਰ ਆ ਗਈ। ਥਾਣਾ ਸੁਧਾਰ ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਅਨਮੋਲਦੀਪ ਸਿੰਘ ਖ਼ਿਲਾਫ਼ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜ਼ੋਰਾਵਰ ਸਿੰਘ ਕਰ ਰਹੇ ਹਨ।