- Updated: January 22, 2025 03:28 PM
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁੜੀਆਂ 'ਤੇ ਚੋਰੀ ਦਾ ਦੋਸ਼ ਲਾ ਕੇ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਗਲੀਆਂ 'ਚ ਘੁੰਮਾਇਆ ਗਿਆ। ਫਿਲਹਾਲ ਸ਼ਿਕਾਇਤ ਮਿਲਣ 'ਤੇ ਪੁਲਸ ਨੇ 3 ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਥਾਣਾ ਜੋਧੇਵਾਲ ਅਧੀਨ ਪੈਂਦੇ ਗੁਰੂ ਪ੍ਰੀਤ ਵਿਹਾਰ ਬਹਾਦੁਰ ਕੇ ਰੋਡ 'ਤੇ ਕੱਪੜੇ ਦੀ ਇਕ ਫੈਕਟਰੀ ਸਥਿਤ ਹੈ।
ਇਸ ਫੈਕਟਰੀ 'ਚ ਕੰਮ ਕਰਨ ਵਾਲੀਆਂ 3 ਕੁੜੀਆਂ 'ਤੇ ਚੋਰੀ ਦੇ ਇਲਜ਼ਾਮ ਲਾਏ ਗਏ। ਇਸ ਤੋਂ ਬਾਅਦ ਫੈਕਟਰੀ ਮਾਲਕ ਅਤੇ ਵਰਕਰਾਂ ਨੇ ਕੁੜੀਆਂ ਸਣੇ ਉਨ੍ਹਾਂ ਦੀ ਮਾਂ ਅਤੇ ਭਰਾ ਦਾ ਮੂੰਹ ਕਾਲਾ ਕਰਕੇ, ਗਲੇ 'ਚ ਤਖ਼ਤੀਆਂ ਪਾ ਕੇ ਉਨ੍ਹਾਂ ਨੂੰ ਗਲੀਆਂ 'ਚ ਘੁੰਮਾਇਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਕ ਵੀਡੀਓ ਮਿਲੀ, ਜਿਸ 'ਚ ਕੁੜੀਆਂ ਦੇ ਗਲੇ 'ਚ ਤਖ਼ਤੀ ਪਾ ਕੇ ਅਤੇ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਫੈਕਟਰੀ ਮਾਲਕ ਵਲੋਂ ਗਲੀ 'ਚ ਘੁੰਮਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਵੀਡੀਓ ਮਿਲਣ ਤੋਂ ਬਾਅਦ ਇਲਾਕੇ ਦੀ ਪਛਾਣ ਕੀਤੀ ਗਈ ਅਤੇ ਇਸ ਤੋਂ ਬਾਅਦ ਕੁੜੀਆਂ ਦੀ ਸ਼ਿਕਾਇਤ 'ਤੇ ਫੈਕਟਰੀ ਮਾਲਕ ਅਤੇ ਵਰਕਰਾਂ ਸਣੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।