- Updated: March 22, 2023 01:07 PM
ਸੈਂਟਰਲ ਵੈਲੀ ਕੈਲੀਫੋਰਨੀਆ ਦੇ ਗੁਰਦੁਆਰਿਆ 'ਚ ਯੋਗ ਪ੍ਰਬੰਧਾਂ ਤੇ ਸੇਵਾਵਾਂ ਨੂੰ ਉਚਿਤ ਬਣਾਉਣ ਲਈ ਸਿੱਖ ਕੌਂਸਲ ਆਫ਼ ਕੈਲੀਫੋਰਨੀਆ ਪਿਛਲੇ ਲੰਮੇ ਅਰਸੇ ਤੋਂ ਸੇਵਾਵਾਂ ਨਿਭਾ ਰਹੀ ਹੈ। ਇਹ ਸੰਸਥਾ ਸੈਂਟਰਲ ਵੈਲੀ ਕੈਲੀਫੋਰਨੀਆ ਦੇ ਸਮੂਹ ਗੁਰੂਘਰਾਂ ਦੇ ਪ੍ਰਬੰਧ ਅਤੇ ਆਪਸੀ ਤਾਲਮੇਲ ਬਣਾਉਣ ਤੋਂ ਇਲਾਵਾ ਇਕ-ਦੂਜੇ ਲਈ ਵੱਡੇ ਸਮਾਗਮਾਂ ਦੌਰਾਨ ਸਹਿਯੋਗ ਕਰਨ ਵਿੱਚ ਮਦਦ ਕਰਦੀ ਹੈ। ਹੁਣ ਸੰਸਥਾ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਸੈਂਟਰਲ ਵੈਲੀ ਦੇ ਸਮੂਹ ਗੁਰੂਘਰਾਂ ਦੀਆਂ ਕਮੇਟੀਆਂ ਨੂੰ ਸੰਸਥਾ ਦੇ ਮੈਂਬਰ ਬਣਾ ਸੇਵਾਵਾਂ ਨਿਭਾਉਣ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ।
ਇਸੇ ਲੜੀ ਤਹਿਤ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਮਰਿਆਦਾ ਅਨੁਸਾਰ ਚਲਾਏ ਜਾ ਰਹੇ ਗੁਰਦੁਆਰਾ ਨਾਨਕਸਰ ਚੈਰੀ ਐਵੀਨਿਊ ਫਰਿਜ਼ਨੋ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਗੁਰੂਘਰ ਦੀ ਕਮੇਟੀ ਨੂੰ ਸਿੱਖ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਿੱਖ ਕੌਂਸਲ ਵੱਲੋਂ ਸੁਖਦੇਵ ਸਿੰਘ ਚੀਮਾ, ਨਾਨਕਸਰ ਗੁਰੂਘਰ ਦੇ ਬੁਲਾਰੇ ਭਾਈ ਹਰਭਜਨ ਸਿੰਘ ਅਤੇ ਹੋਰ ਹਾਜ਼ਰ ਬੁਲਾਰਿਆਂ ਨੇ ਬੋਲਦਿਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਸਮੇਂ ਗੁਰੂਘਰ ਦੀ ਪ੍ਰਬੰਧਕ ਕਮੇਟੀ, ਸਿੱਖ ਕੌਂਸਲ ਦੇ ਮੈਂਬਰ ਅਤੇ ਸੰਗਤਾਂ ਮੌਜੂਦ ਸਨ।