- Updated: July 20, 2026 02:10 PM
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਬਹਿਬਲ ਕਲਾਂ ਮਾਮਲੇ ਵਿਚ ਐੱਸ. ਆਈ. ਟੀ. ਅੱਗੇ ਪੇਸ਼ ਹੋਏ। ਪੁੱਛਗਿੱਛ ਮਗਰੋਂ ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤਾ ਜਾ ਰਿਹਾ ਹੈ ਤੇ ਇਹ ਐੱਸ. ਆਈ. ਟੀ. ਦੋਸ਼ੀਆਂ ਨੂੰ ਫੜਣ ਲਈ ਨਹੀਂ, ਸਗੋਂ ਸਿਆਸੀ ਲੜਾਈ ਲੜਣ ਲਈ ਬਣਾਈ ਗਈ ਹੈ।
ਪੇਸ਼ੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਚੌਥੀ ਵਾਰ ਸੱਦਿਆ ਗਿਆ ਹੈ। ਉਨ੍ਹਾਂ ਨੂੰ ਜਦੋਂ ਵੀ ਬੁਲਾਇਆ ਗਿਆ, ਉਹ ਉਸੇ ਸਮੇਂ ਪੇਸ਼ ਹੋਣ ਲਈ ਪਹੁੰਚੇ ਹਨ ਤੇ ਅੱਗੇ ਵੀ ਜਿੱਥੇ ਉਨ੍ਹਾਂ ਦੀ ਲੋੜ ਪਵੇਗੀ, ਉਹ ਜ਼ਰੂਰ ਆਉਣਗੇ, ਕਿਉਂਕਿ ਉਹ ਵੀ ਚਾਹੁੰਦੇ ਹਨ ਕਿ ਮਾਮਲੇ ਦੀ ਜਾਂਚ ਹੋਵੇ ਤੇ ਅਸਲ ਦੋਸ਼ੀ ਫੜੇ ਜਾਣ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਐੱਸ. ਆਈ. ਟੀ. ਦੋਸ਼ੀ ਫੜਣ ਵਾਸਤੇ ਨਹੀਂ, ਸਗੋਂ ਸਿਆਸੀ ਲੜਾਈ ਲੜਣ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ 11 ਸਾਲਾਂ ਤੋਂ ਐੱਸ. ਆਈ. ਟੀ. ਦੀ ਜਾਂਚ ਹੀ ਖ਼ਤਮ ਨਹੀਂ ਹੋਈ। ਸੁਖਬੀਰ ਸਿੰਘ ਬਾਦਲ ਨੇ ਇਹ ਦੋਸ਼ ਲਗਾਇਆ ਕਿ ਸੱਤਾਧਿਰ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਸਪਸ਼ਟ ਤੌਰ 'ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਡਰੇਗਾ ਤੇ ਨਾ ਹੀ ਝੁਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਦਾ ਹੈ, ਉਸ ਦਾ ਕੱਖ ਨਹੀਂ ਰਹਿੰਦਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਸਣੇ ਕਈ ਅਕਾਲੀ ਲੀਡਰ ਵੀ ਮੌਜੂਦ ਰਹੇ।