ਹੁਸ਼ਿਆਰਪੁਰ :4 ਮਹੀਨੇ ਤੇ 6 ਸਾਲ ਦੀ ਬੱਚੀ ਸਣੇ ਮਾਂ ਨੇ ਨਹਿਰ ''ਚ ਮਾਰੀ ਛਾਲ,ਬੱਚੀਆਂ ਦੀ ਮੌ.ਤ ਔਰਤ ਨੂੰ ਰਾਹਗੀਰਾਂ ਨੇ ਕੱਢਿਆ

ਹੁਸ਼ਿਆਰਪੁਰ :4 ਮਹੀਨੇ ਤੇ 6 ਸਾਲ ਦੀ ਬੱਚੀ ਸਣੇ ਮਾਂ ਨੇ ਨਹਿਰ ''ਚ ਮਾਰੀ ਛਾਲ,ਬੱਚੀਆਂ ਦੀ ਮੌ.ਤ ਔਰਤ ਨੂੰ ਰਾਹਗੀਰਾਂ ਨੇ ਕੱਢਿਆ

ਮੁਕੇਰੀਆਂ ਦੇ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਇਕ ਮਾਂ ਵੱਲੋਂ ਆਪਣੀਆਂ 2 ਧੀਆਂ ਸਮੇਤ ਨਹਿਰ ਵਿਚ ਛਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਔਰਤ ਨੇ ਪਿੰਡ ਬੰਬੋਵਾਲ ਨੇੜੇ ਆਪਣੀਆਂ ਦੋਵੇਂ ਬੱਚੀਆਂ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ। ਔਰਤ ਸਪਨਾ ਪਤਨੀ ਜਤਿੰਦਰ ਸਿੰਘ ਨੂੰ ਰਾਹਗੀਰਾਂ ਦੀ ਮਦਦ ਨਾਲ ਬਚਾਅ ਲਿਆ ਗਿਆ ਪਰ ਪਾਣੀ ਦੇ ਤੇਜ਼ ਵਹਾ ਨਾਲ ਉਸ ਦੀਆਂ ਦੋਵੇਂ ਧੀਆਂ ਰੁੜ ਗਈਆਂ। ਜਿਨ੍ਹਾਂ ਦੀਆਂ ਲਾਸ਼ਾਂ ਪਾਵਰ ਹਾਊਸ-4 ਤੋਂ ਬਰਾਮਦ ਹੋਈਆਂ।

ਮ੍ਰਿਤਕ ਬੱਚੀਆਂ ਦੇ ਨਾਂ ਭੂਮਿਕਾ (6 ਸਾਲ) ਅਤੇ ਪਾਰੂ (4 ਮਹੀਨੇ) ਹਨ। ਮਹਿਲਾ ਦੇ ਵਿਆਹ ਨੂੰ 11-12 ਸਾਲ ਹੋ ਗਏ ਹਨ। ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਉਸ ਦੀ ਇਕ ਵੱਡੀ ਧੀ ਵੀ ਹੈ, ਜੋਕਿ ਇਸ ਦੁਖ਼ਦਾਈ ਘਟਨਾ ਸਮੇਂ ਸਕੂਲ ਗਈ ਹੋਈ ਸੀ। ਪਿੰਡ ਵਿਚ ਚੱਲ ਰਹੀ ਕਥਿਤ ਚਰਚਾ ਅਨੁਸਾਰ ਇਸ ਹਾਦਸੇ ਦਾ ਕਾਰਨ ਗ੍ਰਹਿ ਕਲੇਸ਼ ਦੱਸਿਆ ਜਾ ਰਿਹਾ ਹੈ।

ਜਦੋਂ ਇਸ ਸਬੰਧੀ ਥਾਣਾ ਮੁਕੇਰੀਆਂ ਦੇ ਥਾਣਾ ਮੁਖੀ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵੇਂ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਔਰਤ ਦਾ ਪਤੀ ਵਿਦੇਸ਼ ਗਿਆ ਹੋਇਆ ਹੈ ਅਤੇ ਉਸ ਦੇ ਆਉਣ ਤੋਂ ਬਾਅਦ ਹੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।