ਖੌਫ਼ਨਾਕ ਘਟਨਾ ਵਾਪਰੀ ਲੁਧਿਆਣਾ ਦੇ ਦੁਸਹਿਰਾ ਮੇਲੇ ’ਚ, ‘ਕਿਸ਼ਤੀ’ ਮੌਤ ਦਾ ਝੂਲਾ ਸਾਬਤ ਹੋਈ। 

ਖੌਫ਼ਨਾਕ ਘਟਨਾ ਵਾਪਰੀ ਲੁਧਿਆਣਾ ਦੇ ਦੁਸਹਿਰਾ ਮੇਲੇ ’ਚ, ‘ਕਿਸ਼ਤੀ’ ਮੌਤ ਦਾ ਝੂਲਾ ਸਾਬਤ ਹੋਈ। 

ਬੁੱਧਵਾਰ ਰਾਤ 10.30 ਵਜੇ ਦੁਸਹਿਰਾ ਮੇਲੇ ’ਚ ਝੂਲਾ ਝੂਲਦੇ ਸਮੇਂ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਚਚੇਰੇ ਭਰਾ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਖਾਲਸਪੁਰ ਫਤਿਹਗੜ੍ਹ ਸਾਹਿਬ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੇਲਾ ਪ੍ਰਬੰਧਕਾਂ ਖਿਲਾਫ ਦੋਸ਼ ਲਾਉਂਦੇ ਹੋਏ ਕਿਹਾ ਕਿ ਮ੍ਰਿਤਕ ਗਗਨਦੀਪ ਨਿਵਾਸੀ ਮੁੰਡੀਆਂ ਖੁਰਦ ਲੁਧਿਆਣਾ ਰਾਤ ਨੂੰ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਗਿਆ ਸੀ, ਜਿਸ ਤੋਂ ਬਾਅਦ ਗਗਨਦੀਪ ਸਿੰਘ ਆਪਣੇ ਦੋਸਤਾਂ ਨਾਲ ਕਿਸ਼ਤੀ ਝੂਲੇ ’ਚ ਬੈਠਾ ਜਿੱਥੇ ਅਚਾਨਕ ਝੂਲੇ ’ਚ ਕਰੰਟ ਆ ਗਿਆ, ਜਿਸ ਨਾਲ ਗਗਨਦੀਪ ਸਿੰਘ ਨੂੰ ਕਰੰਟ ਲੱਗਣ ਕਾਰਨ ਝੂਲੇ ’ਚ ਹੀ ਡਿੱਗ ਗਿਆ। ਗਗਨਦੀਪ ਸਿੰਘ ਨੂੰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਝੂਲੇ ਵਾਲੇ ’ਤੇ 304-ਏ ਦਾ ਮੁਕੱਦਮਾ ਦਰਜ ਕਰ ਕੇ ਮ੍ਰਿਤਕ ਗਗਨਦੀਪ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ। ਅਗਲੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।

ਮ੍ਰਿਤਕ ਗਗਨਦੀਪ ਸਿੰਘ ਦੀ ਹੋਈ ਮੌਤ ਦੇ ਵਿਸ਼ੇ ’ਤੇ ਮੇਲਾ ਮੈਨੇਜਮੈਂਟ ਦੇ ਮੀਡੀਆ ਇੰਚਾਰਜ ਮੁਹੰਮਦ ਸੋਹਰਾਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ ਰਾਤ 10.30 ਵਜੇ ਦੇ ਕਰੀਬ ਮੈਂ ਘਟਨਾ ਸਥਾਨ ’ਤੇ ਕਿਸ਼ਤੀ ਝੂਲੇ ਦੇ ਕੋਲ ਹੀ ਸੀ। ਉਸ ਸਮੇਂ ਝੂਲੇ ’ਚ ਕਰੀਬ 70 ਦੇ ਕਰੀਬ ਵਿਅਕਤੀ ਬੈਠੇ ਹੋਏ ਸਨ। ਝੂਲੇ ’ਚ ਕਰੰਟ ਵਰਗਾ ਕੁਝ ਵੀ ਨਹੀਂ ਸੀ। ਝੂਲੇ ਵਿਚ ਬੈਠੇ ਹੋਰ ਕਿਸੇ ਵਿਅਕਤੀ ਨੂੰ ਕੋਈ ਕਰੰਟ ਨਹੀਂ ਲੱਗਾ। ਝੂਲਾ ਰੁਕਣ ਦੇ ਨਾਲ ਹੀ ਗਗਨਦੀਪ ਸਿੰਘ ਝੂਲੇ ’ਚ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੇ ਖੂਨ ਦੀ ਉਲਟੀ ਕੀਤੀ ਸੀ, ਜਿਸ ’ਤੇ ਗਗਨਦੀਪ ਸਿੰਘ ਨੂੰ ਉਸ ਦੇ ਨਾਲ ਆਏ ਸਾਥੀਆਂ ਦੀ ਮਦਦ ਨਾਲ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।