- Updated: July 01, 2022 04:08 PM
ਨਵੀਂ ਦਿੱਲੀ/ਹਿੰਦੁਸਤਾਨ ਪੋਸਟ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਬਾਅਦ ਸੀਐੱਮ ਭਗਵੰਤ ਮਾਨ ਪਹਿਲੀ ਵਾਰ ਦਿੱਲੀ ਪਹੁੰਚੇ ਹਨ। ਇੱਥੇ ਉਹ ਆਪਣੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲ ਰਹੇ ਹਨ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਹਾਜ਼ਰ ਹੋਣਗੇ। ਸੰਗਰੂਰ ਉਪ ਚੋਣ ਨਤੀਜਿਆਂ ਦੇ ਲਿਹਾਜ਼ ਨਾਲ ਇਹ ਮੀਟਿੰਗ ਬਹੁਤ ਅਹਿਮ ਹੈ। ਵਿਧਾਨ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ’ਆਪ’ ਪੰਜਾਬ ’ਚ ਬਰਕਰਾਰ ਨਹੀਂ ਰਹਿ ਸਕੀ। ਇਸ ਦੇ ਉਲਟ ’ਆਪ’ ਨੇ ਦਿੱਲੀ ਦੀਆਂ ਵਿਧਾਨ ਸਭਾ ਉਪ ਚੋਣਾਂ ਜਿੱਤੀਆਂ। ਇਸ ਤੋਂ ਇਲਾਵਾ ਜੁਲਾਈ ਵਿੱਚ ਹੀ ਮਾਨ ਸਰਕਾਰ ਨੇ ਮੰਤਰੀ ਮੰਡਲ ਦਾ ਵਿਸਥਾਰ ਕਰਨਾ ਹੈ। ਇਸ ਵੇਲੇ ਸੀਐਮ ਸਮੇਤ 10 ਮੰਤਰੀ ਹਨ। ਮਾਨ ਸਰਕਾਰ 8 ਹੋਰ ਮੰਤਰੀ ਬਣਾ ਸਕਦੀ ਹੈ। ਪੰਜਾਬ ਵਿੱਚ ਤਿੰਨ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਸਨ। ਸੰਗਰੂਰ ਲੋਕ ਸਭਾ ਸੀਟ ਤੋਂ ਵੀ ’ਆਪ’ ਨੇ 9 ਸੀਟਾਂ ਜਿੱਤੀਆਂ ਹਨ। ਸੀਐਮ ਭਗਵੰਤ ਮਾਨ ਤੋਂ ਇਲਾਵਾ ਦੋ ਮੰਤਰੀ ਹਰਪਾਲ ਚੀਮਾ ਅਤੇ ਮੀਤ ਹੇਅਰ ਵੀ ਇੱਥੋਂ ਜਿੱਤੇ ਹਨ।
ਸਰਕਾਰ ਬਣਦਿਆਂ ਹੀ ’ਆਪ’ ਨੇ ਭਿ੍ਰਸ਼ਟਾਚਾਰ ਨੂੰ ਸਭ ਤੋਂ ਵੱਡਾ ਮੁੱਦਾ ਬਣਾ ਲਿਆ। ਹਾਲਾਂਕਿ ਸੰਗਰੂਰ ਜ਼ਿਮਨੀ ਚੋਣ ’ਚ ’ਆਪ’ ਉਮੀਦਵਾਰ ਗੁਰਮੇਲ ਸਿੰਘ ਹਾਰ ਗਏ ਸਨ। ਇਹ ਹਾਰ ਇਸ ਲਈ ਵੀ ਅਹਿਮ ਸੀ ਕਿਉਕਿ ਉਹ ਪੰਜਾਬ ਦੀ ਸਿਆਸਤ ਵਿੱਚ ਸਿਰਫ਼ ਰਸਮੀ ਤੌਰ ’ਤੇ ਚੋਣ ਲੜਨ ਵਾਲੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਸਿਮਰਨਜੀਤ ਮਾਨ ਤੋਂ ਹਾਰ ਗਏ ਸਨ।
ਆਮ ਆਦਮੀ ਪਾਰਟੀ ਹੁਣ ਹਾਰ ਦਾ ਵਿਸ਼ਲੇਸ਼ਣ ਕਰਨ ਵਿੱਚ ਲੱਗੀ ਹੋਈ ਹੈ। ਹਾਲਾਂਕਿ ’ਆਪ’ ਦੀ ਹਾਰ ਦਾ ਮੁੱਖ ਕਾਰਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਸੀ। ’ਆਪ’ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਸੀ। ਅਗਲੇ ਦਿਨ ਉਸ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਤਲ ਦੇ ਸਮੇਂ ਉਸਦੇ ਦੋ ਗੰਨਮੈਨ ਉਸਦੇ ਨਾਲ ਨਹੀਂ ਸਨ। ਮੂਸੇਵਾਲਾ ਦੇ ਕਤਲ ਕਾਰਨ ਯੂਥ ਮਾਨ ਸਰਕਾਰ ਤੋਂ ਨਾਰਾਜ਼ ਹੋ ਗਿਆ। ਮੂਸੇਵਾਲਾ ਸਿਮਰਨਜੀਤ ਮਾਨ ਲਈ ਚੋਣ ਪ੍ਰਚਾਰ ਕਰਨ ਜਾ ਰਹੇ ਸਨ। ਇਸ ਲਈ ਨੌਜਵਾਨਾਂ ਨੇ ਮਾਨ ਨੂੰ ਵੋਟ ਪਾਈ ਅਤੇ ਉਹ ਜਿੱਤ ਗਏ।