- Updated: July 05, 2022 12:21 PM
ਪੰਜਾਬ ਵਿੱਚ ਨਵੇਂ ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਤੋਂ ਡਾ: ਇੰਦਰਬੀਰ ਨਿੱਝਰ ਨੂੰ ਸਥਾਨਕ ਸਰਕਾਰ ਮੰਤਰੀ ਬਣਾਇਆ ਗਿਆ ਹੈ। ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਪੰਜਾਬ ਦੇ ਸਿਹਤ ਵਿਭਾਗ ਨੂੰ ਸੰਭਾਲਣਗੇ ਜੋਕਿ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰਖਾਸਤ ਕੀਤੇ ਜਾਣ ਤੋਂ ਬਾਅਦ ਖਾਲੀ ਪਿਆ ਸੀ।ਫੌਜਾ ਸਿੰਘ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਅਨਮੋਲ ਗਗਨ ਮਾਨ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰਾਲਾ ਸੰਭਾਲਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਟ ਹੇਅਰ ਤੋਂ ਸਕੂਲੀ ਸਿੱਖਿਆ ਵਿਭਾਗ ਵਾਪਸ ਲੈ ਲਿਆ ਗਯਾ ਹੈ। ਇਹ ਵਿਭਾਗ ਹੁਣ ਜੇਲ੍ਹ ਤੇ ਮਾਈਨ ਮੰਤਰੀ ਹਰਜੋਤ ਬੈਂਸ ਨੂੰ ਸੌਂਪ ਦਿੱਤਾ ਗਿਆ ਹੈ। ਸਕੂਲੀ ਸਿੱਖਿਆ ਆਮ ਆਦਮੀ ਪਾਰਟੀ ਦਾ ਫੋਕਸ ਖੇਤਰ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਹਿਲੇ 10 ਮੰਤਰੀ ਬਣਾਏ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਨ੍ਹਾਂ ਦੀ ਗਿਣਤੀ 11 ਸੀ। 10 ਪੁਰਾਣੇ ਮੰਤਰੀਆਂ ਵਿੱਚੋਂ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੀਐਮ ਸਮੇਤ 10 ਮੰਤਰੀ ਰਹਿ ਗਏ। ਹੁਣ ਕੱਲ੍ਹ ਅਮਨ ਅਰੋੜਾ, ਡਾਕਟਰ ਇੰਦਰਬੀਰ ਨਿੱਝਰ, ਫੌਜਾ ਸਿੰਘ ਸਰਾੜੀ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਸਹੁੰ ਚੁੱਕ ਕੇ ਮੰਤਰੀ ਬਣਾਇਆ ਗਿਆ ਹੈ।ਇਨਾ ਨੂੰ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੁਣ ਕੁਲ 15 ਮੰਤਰੀ ਹੋ ਗਏ ਹਨ।