- Updated: July 09, 2022 09:17 PM
ਚੰਡੀਗੜ੍ਹ :
ਬਾਲੀਵੁੱਡ ਅਦਾਕਾਰਾ ਅਤੇ ਆਏ ਦਿਨ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿਣ ਵਾਲੀ ਕੰਗਨਾ ਰਣੌਤ ਨੇ ਆਪਣੇ ਖਿਲਾਫ਼ ਦਾਇਰ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਕੰਗਨਾ ਦੀ ਪਟੀਸ਼ਨ ’ਤੇ ਲੰਬੀ ਬਹਿਸ ਤੋਂ ਬਾਅਦ ਸੁਣਵਾਈ ਸੋਮਵਾਰ ਤੱਕ ਲਈ ਟਾਲ ਦਿੱਤੀ ਗਈ ਹੈ। ਪਿਛਲੇ ਸਾਲ ਜਨਵਰੀ ’ਚ ਬਠਿੰਡਾ ਕਿਸਾਨ ਅੰਦੋਲਨ ਦੌਰਾਨ ਰੈਲੀ ’ਚ ਆਏ ਲੋਕਾਂ ਨੂੰ ਦਿਹਾੜੀਦਾਰ ਵਜੋਂ ਪੇਸ਼ ਕਰਨ ’ਤੇ ਕੰਗਨਾ ਰਣੌਤ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੀ ਮਹਿੰਦਰ ਕੌਰ ਦੀ ਤਸਵੀਰ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਨੂੰ 100-100 ਰੁਪਏ ਦਿਹਾੜੀ ’ਤੇ ਅੰਦੋਲਨ ’ਚ ਲਿਆਂਦਾ ਗਿਆ ਸੀ। ਇਸ ਪੋਸਟ ’ਤੇ ਬਠਿੰਡਾ ’ਚ ਮਹਿੰਦਰ ਕੌਰ ਵੱਲੋਂ ਕੰਗਨਾ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।ਕੰਗਨਾ ਉਕਤ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚੀ ਹੈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਹਾਲਾਂਕਿ ਕੋਈ ਹੁਕਮ ਜਾਰੀ ਕੀਤੇ ਬਿਨਾਂ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ।