- Updated: August 22, 2022 08:16 PM
29 ਮਈ ਨੂੰ ਮਾਨਸਾ ਵਿਖੇ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਅਜਿਹਾ ਹੀ ਇਕ ਜਲੰਧਰ ਦਾ ਵਿਅਕਤੀ ਹੈ, ਜਿਸ ਨੇ ਗਾਇਕ ਅਤੇ ਪੰਜਾਬੀ ਫ਼ਿਲਮ ਸਟਾਰ ਸਿੱਧੂ ਮੂਸੇਵਾਲਾ ਨੂੰ ਵੱਖਰੇ ਹੀ ਅੰਦਾਜ਼ ’ਚ ਸ਼ਰਧਾਂਜਲੀ ਦਿੱਤੀ ਹੈ। ਇਹ ਸ਼ਖ਼ਸ ਕਰੀਬ ਤਿੰਨ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ।ਜਲੰਧਰ ਦੇ ਰਹਿਣ ਵਾਲੇ ਇਸ ਸੁਖਦੇਵ ਸਿੰਘ ਉਰਫ਼ ਸੋਨੂੰ ਨੇ ਆਪਣੀ ਐਂਬੂਲੈਂਸ ’ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਈਆਂ ਹਨ। ਇਸ ਦੇ ਨਾਲ ਹੀ ਇਹ ਸ਼ਖ਼ਸ ਆਪਣੀ ਐਂਬੂਲੈਂਸ ’ਚ ਜਾਣ ਵਾਲੇ ਮਰੀਜ਼ ਨੂੰ ਵੀ 50 ਫ਼ੀਸਦੀ ਤੱਕ ਛੋਟ ਵੀ ਦਿੰਦਾ ਹੈ।

ਜਲੰਧਰ ਦੇ ਰਹਿਣ ਵਾਲੇ ਸੁਖਦੇਵ ਸਿੰਘ (ਸੋਨੂੰ) ਨੇ ਦੱਸਿਆ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਦੋਂ ਤੋਂ ਹੀ ਉਸ ਨੇ ਆਪਣੀ ਐਂਬੂਲੈਂਸ ’ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਈਆਂ ਹਨ। ਸੋਨੂੰ ਨੇ ਕਿਹਾ ਕਿ ਅਸੀਂ ਜੇਕਰ ਮਰੀਜ਼ ਨੂੰ 50 ਫ਼ੀਸਦੀ ਪੈਸੇ ’ਚ ਛੋਟ ਦਿੰਦੇ ਹਾਂ ਤਾਂ ਉਹੀ ਸਾਡੇ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ ਹੈ।

ਸੁਖਦੇਵ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ’ਚ ਇਸ ਐਂਬੂਲੈਂਸ ਨੂੰ ਲੈ ਕੇ ਉਥੇ ਗਿਆ ਸੀ ਤਾਂ ਉਥੇ ਮੌਜੂਦ ਲੋਕਾਂ ਅਤੇ ਸਿੱਧੂ ਦੇ ਮਾਤਾ-ਪਿਤਾ ਵੀ ਵੇਖ ਕੇ ਭਾਵੁਕ ਹੋ ਗਏ ਸਨ। ਜਦੋਂ ਸੁਖਦੇਵ ਨੂੰ ਐਂਬੂਲੈਂਸ ’ਤੇ ਲਗਾਈ ਫੋਟੋ ਦੇ ਖ਼ਰਚੇ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਲਈ ਇਹ ਕੁਝ ਨਹੀਂ ਹੈ। ਉਨ੍ਹਾਂ ਲਈ ਉਹ ਇਸ ਦੇ ਵੀ ਜ਼ਿਆਦਾ ਖ਼ਰਚ ਕਰਕੇ ਤਸਵੀਰਾਂ ਲਗਾ ਸਕਦੇ ਹਨ।