ਯਾਦਵਿੰਦਰ ਸਿੰਘ ਦਾ ਕੈਪਟਨ ਭਰਤੀ ਹੋਣ ’ਤੇ ਕੇਸਰ ਸਿੰਘ ਵਾਲਾ ਵਿਖੇ ਕੀਤਾ ਗਿਆ ਸਵਾਗਤ

ਯਾਦਵਿੰਦਰ ਸਿੰਘ ਦਾ ਕੈਪਟਨ ਭਰਤੀ ਹੋਣ ’ਤੇ ਕੇਸਰ ਸਿੰਘ ਵਾਲਾ ਵਿਖੇ ਕੀਤਾ ਗਿਆ ਸਵਾਗਤ

ਬਾਘਾਪੁਰਾਣਾ : 
ਭਗਤਾ ਭਾਈ ਦੇ ਪਿੰਡ ਨਵਾਂ ਕੇਸਰ ਸਿੰਘ ਵਾਲਾ ਦੇ ਮਿਹਨਤੀ ਤੇ ਉਤਸ਼ਾਹੀ ਨੌਜਵਾਨ ਯਾਦਵਿੰਦਰ ਸਿੰਘ ਨੇ 26 ਸਾਲ ਦੀ ਛੋਟੀ ਉਮਰ ’ਚ ਹੀ ਭਾਰਤੀ ਫੌਜ ’ਚ ਕੈਪਟਨ ਦੇ ਤੌਰ ’ਤੇ ਸਿੱਧਾ ਭਰਤੀ ਹੋ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਪਿੰਡ ਵਾਪਸੀ ਦੌਰਾਨ ਪਿੰਡ ਦੀ ਗ੍ਰਾਮ ਪੰਚਾਇਤ, ਸਮਾਜਸੇਵੀ ਸੰਸਥਾਵਾ ਤੇ ਨਗਰ ਨਿਵਾਸੀਆਂ ਵੱਲੋਂ ਕੈਪਟਨ ਯਾਦਵਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਭਗਤਾ ਭਾਈ-ਬਾਘਾਪੁਰਾਣਾ ਮੁੱਖ ਸੜਕ ਤੋਂ ਇਕ ਖੁੱਲ੍ਹੀ ਜਿਪਸੀ ’ਚ ਪੂਰੇ ਉਤਸ਼ਾਹ ਨਾਲ ਪਿੰਡ ਲਿਆਂਦਾ ਗਿਆ। ਉਨ੍ਹਾਂ ਦੇ ਪਿੰਡ ਆਗਮਨ ਦੀ ਖੁਸ਼ੀ ’ਚ ਪਟਾਕੇ ਚਲਾਏ ਗਏ ਤੇ ਲੱਡੂ ਵੰਡੇ ਗਏ। ਇਸ ਉਪਰੰਤ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਦੌਰਾਨ ਕੈਪਟਨ ਯਾਦਵਿੰਦਰ ਦਾ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਕਬੱਡੀ ਦੇ ਉੱਘੇ ਕੁਮੈਂਟੇਟਰ ਰੁਪਿੰਦਰ ਸਿੰਘ ਜਲਾਲ ਨੇ ਪੰਜਾਬ ਦੇ ਨੌਜਵਾਨ ਵਰਗ ’ਚ ਵਿਦੇਸ਼ ਜਾਣ ਦੇ ਵਧਦੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਨੌਜਵਾਨਾਂ ਨੂੰ ਯਾਦਵਿੰਦਰ ਸਿੰਘ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਕੈਪਟਨ ਯਾਦਵਿੰਦਰ ਸਿੰਘ ਦੇ ਪਿਤਾ ਸੇਵਾਮੁਕਤ ਸੂਬੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜ ਵਿਚ ਕੈਪਟਨ ਦੇ ਤੌਰ ’ਤੇ ਭਰਤੀ ਹੋਣ ਤੋਂ ਪਹਿਲਾਂ ਯਾਦਵਿੰਦਰ ਸਿੰਘ ਨੇ ਐੱਮ. ਬੀ. ਬੀ. ਐੱਸ. ਪਾਸ ਕੀਤੀ। ਉਨ੍ਹਾਂ ਕਿਹਾ ਕਿ ਫੌਜ ਵਿਚ ਸੇਵਾ ਕਰਨ ਵਾਲੀ ਇਹ ਉਨ੍ਹਾਂ ਦੀ ਤੀਜੀ ਪੀੜ੍ਹੀ ਹੈ। ਯਾਦਵਿੰਦਰ ਦੇ ਦਾਦਾ ਮਲਕੀਤ ਸਿੰਘ ਵੀ ਫ਼ੌਜ ਵਿਚ ਹੌਲਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਦੌਰਾਨ ਸੂਬੇਦਾਰ ਹਰਬੰਸ ਸਿੰਘ ਤੇ ਕੈਪਟਨ ਯਾਦਵਿੰਦਰ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ‘ਗਾਉਂਦਾ ਪੰਜਾਬ ਰੇਡੀਓ’ ਤੇ ‘ਹਿੰਦੋਸਤਾਨ ਪੋਸਟ’ ਅਖ਼ਬਾਰ ਦੇ ਚੀਫ ਐਡੀਟਰ ਜੋਗਿੰਦਰ ਸਿੰਘ ਬਾਸੀ ਤੇ ਮੈਨੇਜਿੰਗ ਐਡੀਟਰ ਗੁਰਭੇਜ ਸਿੰਘ ਸਿੱਧੂ ਨੇ ਕੈਪਟਨ ਯਾਦਵਿੰਦਰ ਦੀ ਨਿਯੁਕਤੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ। ਕੈਪਟਨ ਯਾਦਵਿੰਦਰ ਦੇਸ਼ ਦੀ ਸੇਵਾ ਲਈ ਸਦਾ ਹੀ ਤੱਤਪਰ ਰਹਿਣਗੇ।