- Updated: July 20, 2026 03:12 PM
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਪਹਿਲਾਂ ਹੀ ਕਾਟੋ-ਕਲੇਸ਼ ਚੱਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪਾਰਟੀ ਦੇ ਫ਼ੈਸਲੇ ਤੋਂ ਨਾਖੁਸ਼ ਹਨ ਅਤੇ ਕਾਂਗਰਸ ਹਾਈ ਕਮਾਂਡ ਚੰਨੀ ਧੜੇ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਵਿਵਾਦ ਨੂੰ ਹੱਲ ਕਰਨ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹੈ।

ਇਸ ਦੌਰਾਨ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੱਡਾ ਐਕਸ਼ਨ ਵਿਖਾਉਂਦੇ ਹੋਏ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਈ ਪ੍ਰਮੁੱਖ ਹਸਤੀਆਂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਕਈ ਆਗੂਆਂ ਨੇ ਕਾਂਗਰਸ ਪਾਰਟੀ 'ਚ ਰਹਿੰਦਿਆਂ ਹਾਲ ਹੀ 'ਚ ਹੋਈਆਂ ਚੋਣਾਂ ਦੌਰਾਨ ਪਾਰਟੀ ਵਿਰੁੱਧ ਕੰਮ ਕੀਤਾ ਹੈ।

ਜਿਸ ਵਿਚ ਰਤਨਗੜ ਦੇ ਰਣਜੋਤ ਸਿੰਘ ਜੋਤੀ ਅਤੇ ਵਿਕਰਮ ਬੱਗਾ ਨੇ ਪਾਰਟੀ ਵਿਚ ਰਹਿ ਕੇ ਆਪਣੇ ਉਮੀਦਵਾਰਾਂ ਨੂੰ ਚੋਣ ਖੜ੍ਹਾ ਕਰਕੇ ਵਿਰੋਧੀ ਪਾਰਟੀਆਂ ਦੀ ਮਦਦ ਕੀਤੀ ਹੈ। ਅਜਿਹੇ ਵਿਚ ਅੱਜ ਕਾਂਗਰਸ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਦੋਵੇਂ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ। ਜਿਸ ਦੇ ਚਲਦਿਆਂ ਹੁਣ ਪਾਰਟੀ ਨੇ ਦੋਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੋਵੇਂ ਆਗੂਆਂ ਦਾ ਹੁਣ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਉਨ੍ਹਾਂ ਨੂੰ ਵੀ ਪਾਰਟੀ 'ਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।