ਗੈਂਗਸਟਰ ਵਰਿੰਦਰ ਜੋਬਨ ਗ੍ਰਿਫ਼ਤਾਰ: 4 ਕਤਲ ਮਾਮਲਿਆਂ ਵਿੱਚ ਸੀ ਵਾਂਟੇਡ, ਪੰਜਾਬ ਪੁਲਿਸ ਨੇ ਅੰਗੋਲਾ ਤੋਂ ਕੀਤਾ ਕਾਬੂ

ਗੈਂਗਸਟਰ ਵਰਿੰਦਰ ਜੋਬਨ ਗ੍ਰਿਫ਼ਤਾਰ: 4 ਕਤਲ ਮਾਮਲਿਆਂ ਵਿੱਚ ਸੀ ਵਾਂਟੇਡ, ਪੰਜਾਬ ਪੁਲਿਸ ਨੇ ਅੰਗੋਲਾ ਤੋਂ ਕੀਤਾ ਕਾਬੂ

ਪੰਜਾਬ ਪੁਲਿਸ ਨੇ ਗੈਂਗਸਟਰਾਂ ਵਿਰੁੱਧ ਚੱਲ ਰਹੀ ਮੁਹਿੰਮ “ਵਾਰ ਆਨ ਗੈਂਗਸਟਰ” ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਸਪੈਸ਼ਲ ਆਪ੍ਰੇਸ਼ਨ “ਆਪ੍ਰੇਸ਼ਨ ਲੌਂਗ ਆਰਮ” ਦੇ ਤਹਿਤ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਵਰਿੰਦਰ ਜੋਬਨ ਨੂੰ ਅੱਜ ਅਫ਼ਰੀਕੀ ਦੇਸ਼ ਅੰਗੋਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਮੁਤਾਬਕ ਦੋਸ਼ੀ ਚਾਰ ਸਨਸਨੀਖੇਜ਼ ਕਤਲ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਭੱਜ ਗਿਆ ਸੀ। ਇਹ ਜਾਣਕਾਰੀ ਏਜੀਟੀਐਫ ਦੇ ਐਸਪੀ ਬਿਕਰਮਜੀਤ ਸਿੰਘ ਨੇ ਦਿੱਤੀ।

ਐਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਲੱਭਣ ਲਈ ਇੱਕ ਖੁਫੀਆ ਜਾਣਕਾਰੀ-ਅਧਾਰਤ ਕਾਰਵਾਈ ਲਗਭਗ ਤਿੰਨ ਮਹੀਨੇ ਚੱਲੀ। ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਮੁਲਜ਼ਮ ਦੀ ਪਛਾਣ ਕੀਤੀ ਗਈ ਅਤੇ ਅੰਗੋਲਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਦੌਰਾਨ ਇੱਕ ਹੋਰ ਮੁਲਜ਼ਮ ਮਨਜੋਤ ਸਿੰਘ ਜੋ ਕਿ ਹਰਿਆਣਾ ਵਿੱਚ ਵਾਂਟੇਡ ਸੀ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

Image

ਅਧਿਕਾਰੀਆਂ ਮੁਤਾਬਕ ਜੋਬਨ ਨੇ “ਸੰਦੀਪ” ਨਾਂ ਨਾਲ ਇੱਕ ਜਾਅਲੀ ਪਾਸਪੋਰਟ ਬਣਵਾ ਕੇ ਵਿਦੇਸ਼ ਵਿਚ ਸ਼ਰਣ ਲੈ ਲਈ ਸੀ। ਫਰਜ਼ੀ ਪਛਾਣ ਕਾਰਨ ਉਸ ਦੀ ਭਾਲ ਅਤੇ ਟ੍ਰੈਕਿੰਗ ਵਿਚ ਚੁਣੌਤੀਆਂ ਸਾਹਮਣੇ ਆਈਆਂ, ਪਰ ਵੱਖ-ਵੱਖ ਏਜੰਸੀਆਂ ਵਿਚਾਲੇ ਤਾਲਮੇਲ ਤੇ ਤਕਨੀਕੀ ਨਿਗਰਾਨੀ ਰਾਹੀਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਸਰਕਾਰ ਨੇ ਵੀਰੇਂਦਰ ਜੋਨ ‘ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।

ਪੁਲਿਸ ਅਧਿਕਾਰੀਆਂ ਮੁਤਾਬਕ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲਗਾਤਾਰ ਐਕਸਟਾਰਸ਼ਨ ਕਾਲ, ਧਮਕੀਆਂ ਤੇ ਫਿਰੌਤੀ ਨੈਟਰਕ ਰਾਹੀਂ ਪੰਜਾਬ ਵਿਚ ਅਪਰਾਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਵੀਰੇਂਦਰ ਜੋਨ ਦੀ ਗ੍ਰਿਫਤਾਰੀ ਨਾਲ ਅਜਿਹੇ ਨੈਟਵਰਕ ‘ਤੇ ਵੱਡਾ ਅਸਰ ਪੈਣ ਦੀ ਉਮੀਦ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਜੋ ਲੋਕ ਵਿਦੇਸ਼ ਵਿਚ ਬੈਠ ਕੇ ਪੰਜਾਬ ਵਿਚ ਅਪਰਾਧ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸੰਦੇਸ਼ ਹੈ ਕਿ ਕਾਨੂੰਨ ਤੋਂ ਬਚਣਾ ਸੰਭਵ ਨਹੀਂ ਹੈ।

AGTF ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਅੰਤਰਰਾਸ਼ਟਰੀ ਏਜੰਸੀਆਂ ਨਾਲ ਵੀ ਪ੍ਰਭਾਵਸ਼ਾਲੀ ਤਾਲਮੇਲ ਕੀਤਾ ਗਿਆ। ਵਿਦੇਸ਼ੀ ਧਰਤੀ ‘ਤੇ ਗ੍ਰਿਫ਼ਤਾਰੀ ਲਈ ਸਾਰੀਆਂ ਕਾਨੂੰਨੀ ਅਤੇ ਤਕਨੀਕੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ। ਹੁਣ ਮੁਲਜ਼ਮਾਂ ਨੂੰ ਜਲਦੀ ਹੀ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।