ਮਜੀਠਾ ''ਚ ਦਿਲ ਦਹਿਲਾਉਣ ਵਾਲੀ ਘਟਨਾ: ਕੁੜੀ ਨੂੰ ਮਿਲਣ ਆਏ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

ਮਜੀਠਾ ''ਚ ਦਿਲ ਦਹਿਲਾਉਣ ਵਾਲੀ ਘਟਨਾ: ਕੁੜੀ ਨੂੰ ਮਿਲਣ ਆਏ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

ਮਜੀਠਾ ਕਸਬੇ 'ਚ ਅੱਜ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਕੁੜੀ ਨੂੰ ਮਿਲਣ ਆਏ ਇੱਕ ਨੌਜਵਾਨ ਨੇ ਘਰ ਦੇ ਅੰਦਰ ਹੀ ਆਪਣੇ ਸਰੀਰ ’ਤੇ ਜਲਨਸ਼ੀਲ ਪਦਾਰਥ ਪਾ ਕੇ ਖੁਦ ਨੂੰ ਅੱਗ ਲਗਾ ਲਈ। ਇਸ ਘਟਨਾ 'ਚ ਉਹ ਮੌਕੇ ’ਤੇ ਹੀ ਮਾਰਿਆ ਗਿਆ, ਜਦਕਿ ਉਸ ਨੂੰ ਬਚਾਉਣ ਦੇ ਚੱਕਰ 'ਚ ਕੁੜੀ ਅਤੇ ਉਸ ਦਾ ਚਚੇਰਾ ਭਰਾ ਵੀ ਅੱਗ ਦੀ ਲਪੇਟ 'ਚ ਆ ਕੇ ਗੰਭੀਰ ਰੂਪ 'ਚ ਝੁਲਸ ਗਏ। ਦੋਹਾਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਬੱਲ ਖੁਰਦ ਵਜੋਂ ਹੋਈ ਹੈ। ਥਾਣਾ ਮਜੀਠਾ ਦੇ ਇੰਚਾਰਜ ਕਰਮਪਾਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਅੱਜ ਦੁਪਹਿਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਜੀਠਾ ਦੀ ਖਾਸਾ ਪੱਤੀ ਵਿੱਚ ਰਹਿਣ ਵਾਲੀ ਇੱਕ ਕੁੜੀ ਨੂੰ ਮਿਲਣ ਲਈ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸੇ ਦੌਰਾਨ ਸੰਦੀਪ ਨੇ ਅਚਾਨਕ ਆਪਣੇ ਉੱਪਰ ਤੇਲ ਜਾਂ ਕੋਈ ਹੋਰ ਜਲਨਸ਼ੀਲ ਚੀਜ਼ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। 

ਅੱਗ ਲੱਗਦੀ ਦੇਖ ਕੁੜੀ ਘਬਰਾ ਗਈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਈ। ਰੋਲਾ ਸੁਣ ਕੇ ਬਾਹਰੋਂ ਕੁੜੀ ਦਾ ਚਚੇਰਾ ਭਰਾ ਦੌੜ ਕੇ ਅੰਦਰ ਆਇਆ। ਉਸ ਨੇ ਦੋਹਾਂ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਵੀ ਝੁਲਸ ਗਿਆ। ਪੁਲਸ ਨੇ ਮ੍ਰਿਤਕ ਸੰਦੀਪ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਕੁੜੀ ਅਤੇ ਉਸ ਦੇ ਚਚੇਰੇ ਭਰਾ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ ਅਤੇ ਉਹ ਇਸ ਸਮੇਂ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਕੁੜੀ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਉਸ ਦੀ ਇੱਕ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਕੋਈ ਸਕਾ ਭਰਾ ਨਹੀਂ ਹੈ। ਉਧਰ ਅੱਗ ਲਗਾਉਣ ਵਾਲਾ ਨੌਜਵਾਨ ਵੀ ਵਿਆਹੁਤਾ ਦੱਸਿਆ ਜਾ ਰਿਹਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਲੜਕੇ ਨੂੰ ਸਾਜਿਸ ਤਹਿਤ ਮਾਰਿਆ ਗਿਆ ਹੈ।