ਇਟਲੀ ਤੋਂ ਮੰਦਭਾਗੀ ਖ਼ਬਰ: ਸਮੁੰਦਰ ''ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਇਟਲੀ ਤੋਂ ਮੰਦਭਾਗੀ ਖ਼ਬਰ: ਸਮੁੰਦਰ ''ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਇਟਲੀ ਦੇ ਸੂਬੇ ਲਾਸਓ ਅਧੀਨ ਆਉਂਦੇ ਸ਼ਹਿਰ ਸਬਾਊਦੀਆ ਦੇ ਸਮੁੰਦਰ 'ਚ ਇੱਕ ਭਾਰਤੀ ਦੇ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਘਟਨਾ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਮਿੰਨੀ ਪੰਜਾਬ ਕਰ ਕੇ ਜਾਣੇ ਜਾਂਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਮਸ਼ਹੂਰ ਸ਼ਹਿਰ ਸਬਾਊਦੀਆ ਦੇ ਸਮੁੰਦਰ 'ਚ 58 ਸਾਲਾ ਪੰਜਾਬੀ ਭਾਰਤੀ ਹਰਬਿੰਦਰ ਸਿੰਘ ਵਾਸੀ ਭੁੱਲਾਰਾਈ ਫਗਵਾੜਾ (ਕਪੂਰਥਲਾ) ਆਪਣੇ ਸਾਥੀਆਂ ਨਾਲ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਚਲਾ ਗਿਆ ਪਰ ਨਹੀਂ ਪਤਾ ਸੀ ਕਿ ਸਮੁੰਦਰ ਵਿੱਚ ਹੋਣੀ ਉਸ ਨੂੰ ਉਡੀਕ ਰਹੀ ਹੈ।

ਕੱਲ੍ਹ ਦੁਪਿਹਰੋਂ ਬਾਅਦ ਜਦੋਂ ਹਰਬਿੰਦਰ ਸਿੰਘ ਸਮੁੰਦਰ ਦੇ ਪਾਣੀ 'ਚ ਵੜਿਆ ਤਾਂ ਹੋਲੀ-ਹੋਲੀ ਡੂੰਘੇ ਪਾਣੀ ਵੱਲ ਚਲਾ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਸਮੁੰਦਰ ਦੇ ਗਹਿਰਾਈ ਵਾਲੇ ਹਿੱਸੇ 'ਚ ਪਹੁੰਚ ਗਿਆ ਹੈ। ਉਸ ਦੇ ਬਾਕੀ ਸਾਥੀ ਜਿਹੜੇ ਕਿ ਸਮੁੰਦਰ ਦੇ ਕਿਨਾਰੇ ਹੀ ਰਹੇ ਉਨ੍ਹਾਂ ਜਦੋਂ ਦੇਖਿਆ ਕਿ ਹਰਬਿੰਦਰ ਸਿੰਘ ਸਮੁੰਦਰ ਦੇ ਖਤਰੇ ਵਾਲੇ ਹਿੱਸੇ ਵਿੱਚ ਚਲਾ ਗਿਆ ਹੈ। ਉਨ੍ਹਾਂ ਇਟਾਲੀਅਨ ਤੇ ਹੋਰ ਲੋਕਾਂ ਤੋਂ ਸਹਾਇਤਾ ਮੰਗੀ ਤਾਂ ਜੋ ਹਰਬਿੰਦਰ ਸਿੰਘ ਨੂੰ ਬਚਾਇਆ ਜਾ ਸਕੇ ਪਰ ਅਫ਼ਸੋਸ ਕੁਝ ਮਿੰਟਾਂ 'ਚ ਹੀ ਸਮੁੰਦਰੀ ਪਾਣੀ ਨੇ ਹਰਬਿੰਦਰ ਸਿੰਘ ਨੂੰ ਆਪਣੇ ਵੱਲ ਖਿੱਚ ਲਿਆ ਤੇ ਦੇਖਦਿਆਂ-ਦੇਖਦਿਆਂ ਉਹ ਪਾਣੀ ਵਿੱਚ ਗੋਤੇ ਖਾਣ ਲੱਗਾ।

ਇਸੇ ਦੌਰਾਨ ਨੇੜੇ ਨਹਾ ਰਹੇ ਲੋਕਾਂ ਨੇ ਉਸਨੂੰ ਬਾਹਰ ਕੱਢਿਆ ਤੇ ਤੁਰੰਤ ਐਂਬੂਲਸ ਨੂੰ ਫੋਨ ਕਰ ਦਿੱਤਾ ਪਰ ਜਦੋਂ ਤੱਕ ਡਾਕਟਰ ਪਹੁੰਚੇ ਹਰਬਿੰਦਰ ਸਿੰਘ ਦੀ ਸਿਹਤ ਕਾਫ਼ੀ ਵਿਗੜ ਚੁੱਕੀ ਸੀ। ਡਾਕਟਰਾਂ ਨੇ ਤੁਰੰਤ ਏਅਰ ਐਂਬੂਲਸ ਨੂੰ ਬੁਲਾਇਆ ਤੇ ਹਰਬਿੰਦਰ ਸਿੰਘ ਨੂੰ ਰੋਮ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਜਾਨ ਨਹੀਂ ਬਚ ਸਕੀ। ਮਰਹੂਮ ਹਰਬਿੰਦਰ ਸਿੰਘ ਕਰੀਬ 20 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ ਤੇ ਇੱਥੇ ਖੇਤੀਬਾੜੀ ਦਾ ਕੰਮ ਕਰਦਿਆਂ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ । ਉਸ ਦੀ ਲਾਸ਼ ਭਾਰਤ ਭੇਜਣ ਲਈ ਕਾਰਵਾਈ ਕੀਤੀ ਜਾ ਰਹੀ ਹੈ।