35 ਸਾਲਾਂ ਤੋਂ ਸਾਧ ਬਣ ਕੇ ਘੁੰਮ ਰਹੇ ਕਾਤਲ ਨੂੰ ਪੁਲਿਸ ਨੇ ਫਕੀਰਾਂ ਦਾ ਰੂਪ ਧਾਰ ਕਰਕੇ ਕੀਤਾ ਗ੍ਰਿਫਤਾਰ

35 ਸਾਲਾਂ ਤੋਂ ਸਾਧ ਬਣ ਕੇ ਘੁੰਮ ਰਹੇ ਕਾਤਲ ਨੂੰ ਪੁਲਿਸ ਨੇ ਫਕੀਰਾਂ ਦਾ ਰੂਪ ਧਾਰ ਕਰਕੇ ਕੀਤਾ ਗ੍ਰਿਫਤਾਰ

ਚੰਡੀਗੜ੍ਹ ਪੁਲਿਸ ਦੇ ਪੀ.ਓ ਅਤੇ ਸੰਮਨ ਸਟਾਫ ਸੈੱਲ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ 35 ਸਾਲ ਪੁਰਾਣੇ ਕਤਲ ਕੇਸ ਵਿਚ ਭਗੌੜੇ ਮੁਲਜ਼ਮ ਆਨੰਦ ਕੁਮਾਰ ਵਾਸੀ ਅਲੀਗੜ੍ਹ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਹੈ। 18 ਨਵੰਬਰ 1989 ਨੂੰ ਉਸ ਨੇ ਪਹਿਲਾਂ 11 ਸਾਲ ਦੇ ਬੱਚੇ ਨੂੰ ਅਗਵਾ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿਤਾ। ਮੁਲਜ਼ਮ ਕਦੇ ਪੁਲਿਸ ਦੇ ਹੱਥ ਨਹੀਂ ਆਇਆ।

ਉਹ ਪਿਛਲੇ ਕਈ ਸਾਲਾਂ ਤੋਂ ਯੂਪੀ ਦੇ ਜੰਗਲਾਂ ਵਿਚ ਸਾਧੂ ਬਣ ਕੇ ਲੁਕਿਆ ਹੋਇਆ ਸੀ। ਚੰਡੀਗੜ੍ਹ ਪੁਲਿਸ ਦੀ ਟੀਮ ਨੇ ਇੱਕ ਸੰਨਿਆਸੀ ਦਾ ਚੋਲਾ ਪਹਿਨਣ ਵਾਲੇ ਦੋਸ਼ੀ ਨੂੰ ਫੜ ਲਿਆ। ਦਰਅਸਲ, ਉਸ ਨੂੰ ਫੜਨ ਲਈ ਪੀ.ਓ.ਸੈੱਲ ਟੀਮ ਦੇ ਮੈਂਬਰ ਖੁਦ ਸੰਤਾਂ ਦਾ ਭੇਸ ਬਣਾ ਕੇ ਕਈ ਮਹੀਨਿਆਂ ਤੱਕ ਜੰਗਲਾਂ ਵਿਚ ਘੁੰਮਦੇ ਰਹੇ। ਆਖ਼ਰਕਾਰ ਉਨ੍ਹਾਂ ਨੇ ਮੁਲਜ਼ਮ ਨੂੰ ਕਾਸਗੰਜ ਦੇ ਜੰਗਲ ਵਿਚ ਲੱਭ ਲਿਆ। ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਟੀਮ ਉਸ ਨੂੰ ਚੰਡੀਗੜ੍ਹ ਲੈ ਕੇ ਆਈ ਹੈ ਅਤੇ ਹੁਣ ਉਸ ਖ਼ਿਲਾਫ਼ ਲੁੱਟ-ਖੋਹ, ਅਗਵਾ ਅਤੇ ਕਤਲ ਦਾ ਮੁਕੱਦਮਾ ਚੱਲੇਗਾ। 35 ਸਾਲ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਅਲੀਗੜ੍ਹ ਦੀ ਅਤਰੌਲੀ ਤਹਿਸੀਲ 'ਚ ਸਥਿਤ ਆਪਣੇ ਪਿੰਡ ਹਰਨਪੁਰ ਕਲਾਂ 'ਚ ਭੱਜ ਗਿਆ ਸੀ। ਉਹ ਕਾਫੀ ਚਲਾਕ ਸੀ। ਉਸ ਨੇ ਆਪਣੀ ਕੋਈ ਥਾਂ ਨਹੀਂ ਬਣਾਈ। ਉਸ ਨੇ ਪਹਿਲੇ ਦੋ ਮਹੀਨੇ ਤਾਲਾ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕੀਤਾ।

ਫਿਰ ਉਹ ਪਾਣੀਪਤ, ਹਰਿਆਣਾ ਆ ਗਿਆ। ਜਿੱਥੇ ਉਹ ਸੱਤ ਸਾਲਾਂ ਤੱਕ ਫਲ ਅਤੇ ਸਬਜ਼ੀਆਂ ਵੇਚਣ ਦਾ ਕੰਮ ਕਰਦੈ ਰਿਹਾ। ਫਿਰ ਉਹ ਝਾਰਖੰਡ ਭੱਜ ਗਿਆ ਅਤੇ ਉੱਥੇ ਆਪਣਾ ਰੂਪ ਬਦਲ ਲਿਆ। ਉਹ ਇਕ ਸੰਨਿਆਸੀ ਦੇ ਰੂਪ ਵਿੱਚ ਉੱਥੇ ਰਹਿਣ ਲੱਗ ਪਿਆ ਪਰ ਉਹ ਦੋ ਮਹੀਨੇ ਤੋਂ ਵੱਧ ਇਕ ਥਾਂ ਨਹੀਂ ਠਹਿਰਿਆ। ਹੁਣ ਉਹ ਯੂਪੀ ਦੇ ਕਿਸੇ ਇਲਾਕੇ ਵਿਚ ਰਹਿਣ ਲੱਗ ਪਿਆ ਸੀ।

ਜਿਸ ਬਾਰੇ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਨੇ ਨੌਂ ਮਹੀਨੇ ਤੱਕ ਉਸ ਦਾ ਪਿੱਛਾ ਕੀਤਾ। ਪੁਲਿਸ ਵਾਲੇ ਖੁਦ ਸੰਤ ਦਾ ਚੋਲਾ ਪਾ ਕੇ ਉਸ ਦੀ ਭਾਲ ਕਰਦੇ ਰਹੇ। ਅਖੀਰ ਪਤਾ ਲੱਗਾ ਕਿ ਉਹ ਕਾਸਗੰਜ ਦੇ ਆਸ਼ਰਮ ਵਿੱਚ ਲੁਕਿਆ ਹੋਇਆ ਸੀ। ਜਿੱਥੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਕੈਂਬਵਾਲਾ ਦੀ ਰਹਿਣ ਵਾਲੀ ਵਿਦਿਆਵਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਲੜਕੇ ਨਾਲ ਮਨੀਮਾਜਰਾ ਤੋਂ ਕੈਂਬਵਾਲਾ ਜਾ ਰਹੀ ਸੀ। ਰਸਤੇ ਵਿੱਚ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਗਹਿਣੇ ਖੋਹਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਦੋਸ਼ੀ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ।

ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਮੁਲਜ਼ਮ ਉਸ ਦੇ ਲੜਕੇ ਨੂੰ ਅਗਵਾ ਕਰਕੇ ਫਰਾਰ ਹੋ ਗਿਆ। ਬਾਅਦ ਵਿਚ ਉਨ੍ਹਾਂ ਨੇ ਉਸ ਦਾ ਕਤਲ ਕਰ ਦਿਤਾ ਅਤੇ ਉਸ ਦੀ ਲਾਸ਼ ਨੂੰ ਜੰਗਲ ਵਿਚ ਸੁੱਟ ਦਿਤਾ। ਪੁਲਿਸ ਨੇ ਆਨੰਦ ਕੁਮਾਰ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿਚ ਬਾਕੀ ਮੁਲਜ਼ਮ ਫੜੇ ਗਏ ਸਨ ਪਰ ਆਨੰਦ ਫਰਾਰ ਹੋ ਗਿਆ ਸੀ।