ਜੰਮੂ ਕਸ਼ਮੀਰ: ਅਤਿਵਾਦੀਆਂ ਤੇ ਪੰਜਾਬ ਦੇ ਗੈਂਗਸਟਰਾਂ ਵਿਚਾਲੇ ਗਠਜੋੜ ਦਾ ਪਰਦਾਫਾਸ਼। 

ਜੰਮੂ ਕਸ਼ਮੀਰ: ਅਤਿਵਾਦੀਆਂ ਤੇ ਪੰਜਾਬ ਦੇ ਗੈਂਗਸਟਰਾਂ ਵਿਚਾਲੇ ਗਠਜੋੜ ਦਾ ਪਰਦਾਫਾਸ਼। 

 

ਜੰਮੂ, 27 ਜੁਲਾਈ

ਜੈਸ਼-ਏ-ਮੁਹੰਮਦ ਦੇ ਅਤਿਵਾਦੀ ਸਮੂਹ ਅਤੇ ਪੰਜਾਬ ਸਥਿਤ ਗੈਂਗਸਟਰਾਂ ਵਿਚਕਾਰ ਗਠਜੋੜ ਸਾਹਮਣੇ ਆਇਆ ਹੈ ਕਿਉਂਕਿ ਜੰਮੂ-ਕਸ਼ਮੀਰ ਦੀ ਰਾਜ ਜਾਂਚ ਏਜੰਸੀ (ਐੱਸਆਈਏ) ਨੇ ਅਤਿਵਾਦੀਆਂ ਨੂੰ ਫੰਡਿੰਗ ਮਾਮਲੇ ਵਿੱਚ,ਜਿਨ੍ਹਾਂ ਪੰਜ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਉਸ ਵਿੱਚ ਇਸ ਗੰਢਤੁਪ ਦਾ ਖੁਲਾਸਾ ਕੀਤਾ ਗਿਆ ਹੈ। ਕਸ਼ਮੀਰ ਜਾਣ ਵਾਲੇ ਵਾਹਨ ਤੋਂ 43 ਲੱਖ ਰੁਪਏ ਦੀ ਬਰਾਮਦਗੀ ਤੋਂ ਬਾਅਦ ਇਹ ਕੇਸ ਪਿਛਲੇ ਸਾਲ ਨਵੰਬਰ ਵਿੱਚ ਦਰਜ ਕੀਤਾ ਗਿਆ ਸੀ। ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ), ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹੋਰ ਮੁਲਜ਼ਮਾਂ ਸਣੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਕਮਾਂਡਰ ਅਤੇ ਪੰਜਾਬ ਦੇ ਤਿੰਨ ਗੈਂਗਸਟਰਾਂ ਖ਼ਿਲਾਫ਼ ਮੰਗਲਵਾਰ ਨੂੰ ਜੰਮੂ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ। ਐੱਸਆਈਏ ਦੇ ਅਧਿਕਾਰੀ ਨੇ ਕਿਹਾ ਕਿ ਜਨਵਰੀ 'ਚ ਜਾਂਚ ਸੰਭਾਲਣ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ 'ਚ ਐੱਸਆਈਏ ਵੱਲੋਂ ਅਤਿਵਾਦੀ ਫੰਡਿੰਗ ਮਾਮਲੇ 'ਚ ਦਾਇਰ ਕੀਤੀ ਗਈ ਇਹ ਦੂਜੀ ਚਾਰਜਸ਼ੀਟ ਹੈ। ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਚਾਰਜਸ਼ੀਟ ਦਾਇਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜੈਸ਼ ਕਮਾਂਡਰ ਆਸ਼ਿਕ ਨੇਂਗਰੂ ਉਰਫ਼ ਆਸ਼ਿਕ ਮੌਲਵੀ ਸ਼ਾਮਲ ਹੈ, ਜੋ ਸਰਹੱਦ ਪਾਰ ਤੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਰ ਹੋਰ ਚਾਰਜਸ਼ੀਟ ਕੀਤੇ ਗਏ ਮੁਲਜ਼ਮਾਂ ਵਿੱਚ ਪੁਲਵਾਮਾ ਦਾ ਮੁਜ਼ੱਮਿਲ ਅਹਿਮਦ ਮਲਿਕ ਅਤੇ ਰਵੀ ਕੁਮਾਰ ਉਰਫ਼ ਨੋਨਾ, ਜੈਦੀਪ ਧਵਨ ਉਰਫ਼ ਦੀਪ ਅਤੇ ਅਮਰਬੀਰ ਸਿੰਘ ਉਰਫ਼ ਗੋਪੀ ਮਾਹਲ (ਸਾਰੇ ਪੰਜਾਬ ਦੇ ਵਸਨੀਕ) ਹਨ। ਇਹ ਮਾਮਲਾ 16 ਨਵੰਬਰ 2021 ਨੂੰ ਜੰਮੂ ਪੁਲੀਸ ਵੱਲੋਂ ਸਿੱਧਰਾ ਪੁਲ 'ਤੇ ਟੈਕਸੀ 'ਚ ਸਵਾਰ ਤਿੰਨ ਵਿਅਕਤੀਆਂ ਕੋਲੋਂ 43 ਲੱਖ ਰੁਪਏ ਜ਼ਬਤ ਕਰਨ ਨਾਲ ਸਬੰਧਤ ਹੈ। ਅਸਲ ਚਾਰਜਸ਼ੀਟ 14 ਮਈ ਨੂੰ ਦੋ ਮੁਲਜ਼ਮਾਂ ਮੌਜ਼ਮ ਪਰਵੇਜ਼ ਅਤੇ ਉਮਰ ਫਾਰੂਕ ਖ਼ਿਲਾਫ਼ ਦਾਇਰ ਕੀਤੀ ਗਈ ਸੀ। ਇਨ੍ਹਾਂ ਨੇ ਅੰਮ੍ਰਿਤਸਰ ਤੋਂ ਨਕਦੀ ਇਕੱਠੀ ਕੀਤੀ ਸੀ।